Engineer Balbir Singh received the martyrdom journey with devotion and respect

ਬੀਪੀ ਬਿਊਰੋ
ਅੰਬਾਲਾ ਸ਼ਹਿਰ, 19 ਨਵੰਬਰ

ਹਰਿਆਣਾ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਭਰ ਵਿੱਚ ਕੀਤੀਆਂ ਜਾ ਰਹੀਆਂ ਚਾਰ ਵੱਖ-ਵੱਖ ਸ਼ਹੀਦੀ ਯਾਤਰਾਵਾਂ ਵਿਚੋਂ ਇਕ ਦਾ ਅੰਬਾਲਾ ਸ਼ਹਿਰ ਪਹੁੰਚਣ ਤੇ ਸੰਗਤਾਂ ਵੱਲੋਂ ਸ਼ਰਧਾ ਪੂਰਵਕ ਸਵਾਗਤ ਕੀਤਾ ਗਿਆ। ਅੱਜ ਸਵੇਰੇ ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਸ਼ੁਰੂ ਹੋਈ ਇਹ ਯਾਤਰਾ ਜਦੋਂ ਅੰਬਾਲਾ ਸ਼ਹਿਰ ਦੇ ਸੈਕਟਰ-7 ਪਹੁੰਚੀ ਤਾਂ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ ਇੰਜੀਨੀਅਰ ਸਰਦਾਰ ਬਲਬੀਰ ਸਿੰਘ ਨੇ ਇਸ ਦਾ ਸਿੱਖ ਰਵਾਇਤਾਂ ਅਨੁਸਾਰ ਸ਼ਰਧਾਪੂਰਵਕ ਸਵਾਗਤ ਕੀਤਾ ਅਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦਿਆਂ ਅਕੀਦਤ ਪੇਸ਼ ਕੀਤੀ।
ਸ. ਬਲਬੀਰ ਸਿੰਘ ਨੇ ਪਵਿੱਤਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਨਗਰ ਕੀਰਤਨ (ਸ਼ਹੀਦੀ ਯਾਤਰਾ) ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਦਾ ਸਿਰੋਪੇ ਭੇਟ ਕਰਕੇ ਸਨਮਾਨ ਕੀਤਾ। ਇੰਜੀਨੀਅਰ ਬਲਬੀਰ ਸਿੰਘ ਨੇ ਸ਼ਹੀਦੀ ਯਾਤਰਾ ਦੇ ਨਾਲ ਚੱਲ ਰਹੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਤੇਜ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਵੀ ਸਿਰੋਪੇ ਭੇਟ ਕੀਤੇ। ਉਨ੍ਹਾਂ ਦੇ ਪਰਿਵਾਰ ਨੇ ਸੰਗਤ ਲਈ ਫਲਾਂ, ਬਰੈੱਡ ਪਕੌੜਿਆਂ ਅਤੇ ਚਾਹ ਦੇ ਲੰਗਰ ਦੇ ਨਾਲ-ਨਾਲ ਬੋਤਲ ਬੰਦ ਪਾਣੀ ਦਾ ਪ੍ਰਬੰਧ ਕੀਤਾ। ਇਸ ਮੌਕੇ ‘ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਮੈਂਬਰ ਗੁਰਤੇਜ ਸਿੰਘ ਅਤੇ ਰੁਪਿੰਦਰ ਸਿੰਘ ਨੇ ਇੰਜੀਨੀਅਰ ਬਲਬੀਰ ਸਿੰਘ ਨੂੰ ਸਿਰੋਪਾਉ ਭੇਟ ਕੀਤਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਇੰਜੀਨੀਅਰ ਸਰਦਾਰ ਬਲਬੀਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਆਯੋਜਿਤ ਕੀਤੀਆਂ ਜਾ ਰਹੀਆਂ ਸ਼ਹੀਦੀ ਯਾਤਰਾਵਾਂ ਲਈ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਕੇਂਦਰ ਸਰਕਾਰਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ‘ਤੇ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਉਨ੍ਹਾਂ ਸੰਗਤ ਨੂੰ 25 ਨਵੰਬਰ ਨੂੰ ਰਾਜ ਪੱਧਰੀ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਗੁਰੂ ਚਰਨਾਂ ਵਿੱਚ ਮੱਥਾ ਟੇਕਣ ਦੀ ਅਪੀਲ ਕੀਤੀ।
ਇਸ ਮੌਕੇ ਇੰਜੀਨੀਅਰ ਬਲਬੀਰ ਸਿੰਘ ਤੋਂ ਇਲਾਵਾ ਸਰਦਾਰਨੀ ਗੁਰਮੀਤ ਕੌਰ, ਸਿਮਰਨਜੀਤ ਸਿੰਘ ਮਾਣਕ, ਜਸਮੀਤ ਕੌਰ, ਪਿੰਕਾ ਭਾਟੀਆ, ਸਰਦਾਰ ਕੁਲਵੰਤ ਸਿੰਘ ਵਾਲੀਆ, ਜਸਦੀਪ ਸਿੰਘ ਬੇਦੀ, ਦਕਸ਼ਪ੍ਰੀਤ ਸਿੰਘ, ਰਮਨਦੀਪ ਸਿੰਘ ਕੋਛੜ, ਮੋਹਿਤ ਝਾਂਬ, ਮਨਜੀਤ ਸਿੰਘ ਬੱਬੂ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *