ਬੀਪੀ ਬਿਊਰੋ
ਅੰਬਾਲਾ, 21 ਨਵੰਬਰ
ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਉਥਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਸ਼੍ਰੀ ਪਟਨਾ ਸਾਹਿਬ ਜਾਣ ਵਾਲੀਆਂ ਗੱਡੀਆਂ ਰੈਗੂਲਰ ਕਰਨ, ਇਨ੍ਹਾਂ ਗੱਡੀਆਂ ਵਿਚ ਵਾਧਾ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਨਾਲ ਕੁਰੂਕਸ਼ੇਤਰਾ ਵਿਚ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਹੈ ਤਾਂ ਕਿ ਉਹ ਹਰਿਆਣਾ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਰੇਲ ਮੰਤਰਾਲੇ ਨਾਲ ਗੱਲਬਾਤ ਕਰ ਕੇ ਸੰਗਤਾਂ ਦੀ ਮੰਗ ਪੂਰੀ ਕਰਵਾ ਸਕਣ।
ਅੱਜ ਇੱਥੇ ਬਰਕਤ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਥੇਦਾਰ ਬਘੌਰਾ ਨੇ ਦੱਸਿਆ ਕਿ ਪਟਨਾ ਸਾਹਿਬ ਜਾਣ ਵਾਲੀਆਂ ਗੱਡੀਆਂ ਘੱਟ ਹੋਣ ਕਰਕੇ ਦਰਸ਼ਨਾਂ ਦੀ ਚਾਹ ਰੱਖਣ ਵਾਲੀ ਸੰਗਤ ਲਈ ਸਮੱਸਿਆ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਪਟਨਾ ਸਾਹਿਬ ਜਾਣ ਵਾਲੀ ਅਕਾਲ ਤਖ਼ਤ ਐਕਸਪ੍ਰੈੱਸ ਨੰਬਰ 12318-12317 ਹਫ਼ਤੇ ਵਿਚ ਦੋ ਦਿਨ ਅਤੇ ਗੁਰਮੁਖੀ ਐਕਸਪ੍ਰੈੱਸ ਰੇਲਗੱਡੀ ਨੰਬਰ 12325-12326 ਹਫ਼ਤੇ ਵਿੱਚ ਇੱਕ ਦਿਨ ਚਲਦੀ ਹੈ। ਉਨ੍ਹਾਂ ਦੀ ਮੰਗ ਹੈ ਕਿ ਦੋਹਾਂ ਗੱਡੀਆਂ ਦੇ ਗੇੜੇ ਵਧਾਏ ਜਾਣ। ਇਸ ਤੋਂ ਬਿਨਾ ਪਿਛਲੇ ਦਿਨੀਂ ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ ਨੂੰ ਸ੍ਰ ਜਗਜੋਤ ਸਿੰਘ ਸੋਹੀ ਪ੍ਰਧਾਨ ਸ੍ਰੀ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਹਿਯੋਗ ਨਾਲ ਵੀ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਗੱਡੀਆਂ ਰੈਗੂਲਰ ਚਲਾ ਕੇ ਸੰਗਤਾਂਂ ਦੀ ਮੰਗ ਪੂਰੀ ਕੀਤੀ ਜਾਵੇ ਅਤੇ ਦੋਵੇਂ ਗੱਡੀਆਂ ਦਾ ਠਹਿਰਾ ਰਾਜਪੁਰਾ ਜੰਕਸ਼ਨ ਤੇ ਕੀਤਾ ਜਾਵੇ ਤਾ ਕਿ ਇਸ ਇਲਾਕੇ ਦੀ ਸੰਗਤ ਨੂੰ ਪਟਨਾ ਸਾਹਿਬ ਜਾਣ ਲਈ ਕੋਈ ਪ੍ਰੇਸ਼ਾਨੀ ਨਾ ਆਵੇ।
ਹੋਰ ਜਾਣਕਾਰੀ ਸਾਂਝੀ ਕਰਦਿਆਂ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਉਥਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਕਿ ਇਸੇ ਮੰਗ ਨੂੰ ਲੈ ਕੇ ਉਨ੍ਹਾਂ ਨੇ ਪਟਨਾ ਸਾਹਿਬ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਦੇ ਨਾਲ ਹਰਿਆਣਾ ਦੇ ਕੈਬਨਿਟ ਮੰਤਰੀ ਸਿਆਣਾ ਕੁਮਾਰ ਬੇਦੀ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਹੈ। ਸ਼੍ਰੀ ਬੇਦੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਹ ਮਸਲਾ ਰੇਲਵੇ ਮੰਤਰੀ ਨੂੰ ਮਿਲ ਕੇ ਹੱਲ ਕਰਵਾਉਣਗੇ।
