ਸਟਾਰ ਨਾਈਟ ਭੰਗੜਾ ਗਰੁੱਪ ਨੇ ਮੰਚ ਤੇ ਸਭਿਆਚਾਰ ਨੂੰ ਸਾਕਾਰ ਕੀਤਾ
ਅੰਬਾਲਾ, 13 ਅਪ੍ਰੈਲ (ਬੀਪੀ ਬਿਊਰੋ)
ਸੇਵਾ ਸਿਮਰਨ ਸੁਸਾਇਟੀ ਅਤੇ ਬੀਸੀ ਬਾਜ਼ਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਬ੍ਰਹਮਜੀਤ ਸਿੰਘ ਖ਼ਾਲਸਾ ਅਤੇ ਅਵਤਾਰ ਸਿੰਘ ਉੱਪਲ ਦੇ ਯਤਨਾਂ ਸਦਕਾ ਅੱਜ ਅੰਬਾਲਾ ਕੈਂਟ ਵਿਚ ਪਹਿਲੀ ਵੇਰ ਇੱਥੋਂ ਦੇ ਕੈਪੀਟਲ ਚੌਕ ਵਿਚ ਵਿਸਾਖੀ ਦੇ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਦੇ ਨਾਲ ਦਸਤਾਰਾਂ ਦਾ ਲੰਗਰ ਲਾਇਆ ਗਿਆ ਜਿਸ ਵਿਚ ਸਟਾਈਲਿਸ ਸਿੰਘ ਅਤੇ ਬਲਜਿੰਦਰ ਸਿੰਘ ਨੇ ਦੋ ਸੌ ਦੇ ਕਰੀਬ ਬੱਚਿਆਂ ਅਤੇ ਨੌਜਵਾਨਾਂ ਦੇ ਕੇਸਰੀ ਰੰਗ ਦੀਆਂ ਦਸਤਾਰਾਂ ਸਜਾਈਆਂ।
ਸਟਾਰ ਨਾਈਟ ਭੰਗੜਾ ਗਰੁੱਪ ਦੇ ਨੌਜਵਾਨਾਂ ਨੇ ਭੰਗੜੇ ਦੇ ਬਾਦਸ਼ਾਹ ਭਾਅ ਜੀ ਲਕਬ ਨਾਲ ਨਾਮਣਾ ਖੱਟ ਚੁੱਕੇ ਬਲਜੀਤ ਸਿੰਘ ਦੀ ਅਗਵਾਈ ਵਿਚ ਲਗਾਤਾਰ ਢਾਈ ਘੰਟੇ ਮੰਚ ਤੇ ਪ੍ਰੋਗਰਾਮ ਪੇਸ਼ ਕਰਕੇ ਬੱਲੇ ਬੱਲੇ ਕਰਵਾ ਦਿੱਤੀ। ਮੰਚ ਸੜਕ ਦੇ ਇਕ ਪਾਸੇ ਸਜਿਆ ਹੋਣ ਕਰਕੇ ਦਰਸ਼ਕਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਨੌਜਵਾਨਾਂ ਨੇ ਆਪਣੇ ਹੁਨਰ ਰਾਹੀਂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਅਤੇ ਖੇਤਾਂ ਵਿੱਚ ਖੜ੍ਹੀ ਸੋਨੇ ਵਰਗੀ ਫਸਲ ਦਾ ਕਿਸਾਨ ਲਈ ਕੀ ਅਰਥ ਹੈ, ਬਾਰੇ ਦੱਸਿਆ ਅਤੇ ਦੇਸ਼ ਭਗਤੀ ‘ਤੇ ਆਧਾਰਿਤ ਕੋਰਿਓਗ੍ਰਾਫੀਆਂ ਪੇਸ਼ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਪੇਸ਼ਕਾਰੀ ਦੇਖ ਕੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੇ ਤਾੜੀਆਂ ਵਜਾ ਕੇ ਪ੍ਰਤਿਭਾਸ਼ਾਲੀ ਨੌਜਵਾਨਾਂ ਦਾ ਹੌਸਲਾ ਵਧਾਇਆ।
ਲੋਕਾਂ ਦੀ ਮੰਗ ਤੇ ਬ੍ਰਹਮਜੀਤ ਸਿੰਘ ਖ਼ਾਲਸਾ ਨੇ ਐਲਾਨ ਕੀਤਾ ਕਿ ਭਵਿੱਖ ਵਿਚ ਵੀ ਪੰਜਾਬੀ ਸਭਿਆਚਾਰ ਦੇ ਅਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਅਗਲੀ ਵਿਸਾਖੀ ਤੇ ਖੁੱਲ੍ਹੇ ਮੈਦਾਨ ਵਿਚ ਵਿਸਾਖੀ ਮੇਲਾ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਸੀ ਬਾਜ਼ਾਰ ਦੇ ਨੌਜਵਾਨਾਂ ਨੇ ਪਹਿਲੀ ਵਾਰ ਆਪਸੀ ਤਾਲਮੇਲ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਯੋਜਨਾ ਬਣਾਈ ਸੀ ਅਤੇ ਪ੍ਰੋਗਰਾਮ ਦੀ ਸਫਲਤਾ ਨੇ ਉਨ੍ਹਾਂ ਦਾ ਮਨੋਬਲ ਵਧਾ ਦਿੱਤਾ ਹੈ। ਖ਼ਾਲਸਾ ਨੇ ਪ੍ਰੋਗਰਾਮ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਬਲਜਿੰਦਰ ਸਿੰਘ ਹੈਪੀ, ਕੇਵੀ ਸਿੰਘ, ਅਮਨਪ੍ਰੀਤ ਸਿੰਘ, ਬਲਜੀਤ ਸਿੰਘ, ਏ.ਵੀ.ਸਿੰਘ, ਜਸਮੀਤ ਸਿੰਘ, ਭੁਪਿੰਦਰ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਪਰਵਿੰਦਰ ਸਿੰਘ ਪਰੀ, ਮਨੀਸ਼ ਰਾਣਾ, ਸੰਜੀਵ ਰਾਣਾ, ਹੈਰੀ, ਸੰਜੀਵ, ਨਵਜਿੰਦਰ ਸਿੰਘ, ਵਿਜੇ ਪੱਪਲ, ਪ੍ਰਭਜੋਤ, ਆਦਿ ਹਾਜ਼ਰ ਸਨ।
