ਮੁਗ਼ਲ ਭਾਰਤ ਨੂੰ ਲੁੱਟਣ ਆਏ ਸਨ, ਉਨ੍ਹਾਂ ਦੀ ਜਾਤ, ਧਰਮ ਜੋ ਵੀ ਹੋਵੇ, ਉਹ ਹਮਲਾਵਰ ਸਨ
ਚੰਡੀਗੜ੍ਹ-18 ਮਾਰਚ (ਬੀਪੀ ਬਿਊਰੋ)
ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ “ਔਰੰਗਜ਼ੇਬ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਔਰੰਗਜ਼ੇਬ ਇੱਕ ਹਮਲਾਵਰ ਸੀ। ਮੁਗ਼ਲ ਭਾਰਤ ਨੂੰ ਲੁੱਟਣ ਲਈ ਆਏ ਸਨ ਭਾਵੇਂ ਉਨ੍ਹਾਂ ਦੀ ਜਾਤ, ਧਰਮ ਕੁਝ ਵੀ ਹੋਵੇ।
ਸ੍ਰੀ ਵਿੱਜ ਅੱਜ ਹਰਿਆਣਾ ਵਿਧਾਨ ਸਭਾ ਵਿੱਚ ਪੱਤਰਕਾਰਾਂ ਵੱਲੋਂ ਔਰੰਗਜ਼ੇਬ ਵਿਵਾਦ ਨੂੰ ਲੈ ਕੇ ਨਾਗਪੁਰ ਵਿੱਚ ਹੋਈ ਹਿੰਸਾ ਸਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਇਸ ਮੁੱਦੇ ‘ਤੇ ਇੱਕ ਉਦਾਹਰਨ ਦਿੰਦੇ ਹੋਏ, ਉਨ੍ਹਾਂ ਸਮਝਾਇਆ ਕਿ “ਜਦੋਂ ਕੋਈ ਬੱਚਾ ਛੋਟਾ ਹੁੰਦਾ ਹੈ ਅਤੇ ਕੋਈ ਬਦਮਾਸ਼ ਉਸ ਦੇ ਘਰ ‘ਤੇ ਕਬਜ਼ਾ ਕਰ ਲੈਂਦਾ ਹੈ ਅਤੇ ਉੱਥੇ ਆਪਣੀ ਨੇਮ ਪਲੇਟ ਲਗਾ ਦਿੰਦਾ ਹੈ, ਤਾਂ ਬੱਚਾ ਇਸ ਨੂੰ ਬਰਦਾਸ਼ਤ ਕਰਦਾ ਹੈ, ਪਰ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਅਤੇ ਤਾਕਤ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ਆਪਣਾ ਘਰ ਖ਼ਾਲੀ ਕਰਵਾਉਣ ਦਾ ਬਦਮਾਸ਼ ਦੀ ਨੇਮ ਪਲੇਟ ਹਟਾ ਕੇ ਆਪਣੀ ਨੇਮ ਪਲੇਟ ਲਗਾਉਣ ਦਾ ਅਧਿਕਾਰ ਹੈ”।
ਨਾਗਪੁਰ ਦੰਗਿਆਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ “ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਦੰਗਿਆਂ ਨੂੰ ਸ਼ਾਂਤ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਜੀ ਅਤੇ ਉੱਥੋਂ (ਮਹਾਰਾਸ਼ਟਰ) ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਵੀ ਦੰਗੇ ਨਾ ਕਰਨ ਦੀ ਅਪੀਲ ਕੀਤੀ ਹੈ”।
ਹਾਈ ਕੋਰਟ ਦੇ ਫੈਸਲੇ ‘ਤੇ ਵਿਧਾਨ ਸਭਾ ਵਿੱਚ ਹੋਏ ਹੰਗਾਮੇ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ “ਮਾਨਯੋਗ ਹਾਈ ਕੋਰਟ ਨੇ ਇਸ ਗੱਲ ਦਾ ਪਰਦਾਫਾਸ਼ ਕੀਤਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਦੇ ਭਵਿੱਖ ਨਾਲ ਕਿਵੇਂ ਖੇਡਿਆ ਗਿਆ ਸੀ ਅਤੇ ਕਿਵੇਂ ਚਹੇਤਿਆਂ ਨੂੰ ਰਿਉੜੀਆਂ ਵੰਡੀਆਂ ਗਈਆਂ ਅਤੇ ਟੇਲੈਂਟ ਨੂੰ ਕਿਵੇਂ ਨਕਾਰਿਆ ਗਿਆ। ਉਨ੍ਹਾਂ ਦੱਸਿਆ ਕਿ ਸਾਲ 2008 ਵਿੱਚ ਜਦੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਸੱਤਾ ਵਿੱਚ ਸੀ ਤਾਂ ਯੋਗ ਲੋਕਾਂ ਨੂੰ ਪਾਸੇ ਕਰ ਦਿੱਤਾ ਗਿਆ ਸੀ ਅਤੇ ਚਹੇਤਿਆਂ ਨੂੰ ਭਰਤੀ ਕੀਤਾ ਗਿਆ ਸੀ”।
ਲੋਕਾਂ ਨੂੰ ਬਿਨਾਂ ਖ਼ਰਚੀ ਬਿਨਾ ਪਰਚੀ ਦੇ ਨੌਕਰੀਆਂ ਮਿਲਣ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ “ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਅਜਿਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਜੋ ਪਰਚੀ ਜਾਰੀ ਕਰਨ ਵਾਲਿਆਂ ਤੱਕ ਵੀ ਨਹੀਂ ਪਹੁੰਚ ਸਕਦੇ”
ਹਰਿਆਣਾ ਦੇ ਬਜਟ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, “ਮੈਂ ਸੱਤ ਵਾਰ ਵਿਧਾਇਕ ਰਿਹਾ ਹਾਂ ਅਤੇ ਹਰ ਸਾਲ ਬਜਟ ਦੇਖਦਾ ਹਾਂ, ਪਰ ਇਸ ਵਾਰ ਦਾ ਬਜਟ ਬਹੁਤ ਵਧੀਆ ਹੈ ਅਤੇ ਇਹ ਬਜਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਵਿੱਚ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਹਰ ਵਰਗ ਅਤੇ ਹਰ ਖੇਤਰ ਦਾ ਧਿਆਨ ਰੱਖਿਆ ਗਿਆ ਹੈ।” ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਊਰਜਾ, ਟਰਾਂਸਪੋਰਟ ਅਤੇ ਕਿਰਤ ਵਿਭਾਗ ਹਨ ਅਤੇ ਇਨ੍ਹਾਂ ਵਿਭਾਗਾਂ ਵਿੱਚ ਬਜਟ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੇ ਬਜਟ ਵਿੱਚ ਯਮੁਨਾਨਗਰ ਵਿੱਚ ਇੱਕ ਥਰਮਲ ਪਾਵਰ ਪਲਾਂਟ ਸਥਾਪਤ ਕਰਨ ਦਾ ਜ਼ਿਕਰ ਹੈ। ਇਸੇ ਤਰ੍ਹਾਂ, ਹਿਸਾਰ ਵਿੱਚ 800 ਮੈਗਾਵਾਟ ਪਲਾਂਟ ਅਤੇ ਪਾਣੀਪਤ ਵਿੱਚ 800-800 ਮੈਗਾਵਾਟ ਪਲਾਂਟ ਦਾ ਵੀ ਬਜਟ ਵਿੱਚ ਜ਼ਿਕਰ ਕੀਤਾ ਗਿਆ ਹੈ।
ਪਰਿਆਗਰਾਜ ਵਿੱਚ ਆਯੋਜਿਤ ਮਹਾਂ ਕੁੰਭ ਸੰਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਧਿਆਨ ਦੇਣ ਯੋਗ ਹੈ ਕਿ 65 ਕਰੋੜ ਲੋਕ ਯਾਨੀ ਕਿ ਅੱਧਾ ਭਾਰਤ ਪਰਿਆਗਰਾਜ ਗਿਆ ਸੀ ਅਤੇ ਇੰਨੇ ਸਾਰੇ ਲੋਕਾਂ ਲਈ ਪ੍ਰਬੰਧ ਕਰਨਾ ਇੱਕ ਸ਼ਲਾਘਾਯੋਗ ਕੰਮ ਹੈ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ “ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਅਤੇ ਅੱਜ ਤੱਕ ਇਸ ਨੇ ਵੱਡੇ ਮੁੱਦਿਆਂ ਦੇ ਹੱਲ ਲੱਭੇ ਹਨ”।
Leave a Reply