ਪਾਰਕ ਵਿੱਚ ਖਿਡੌਣਾ ਰੇਲਗੱਡੀ ਅਤੇ ਗਰਮ ਹਵਾ ਵਾਲਾ ਗ਼ੁਬਾਰਾ ਚਲਾਉਣ ਲਈ ਦਿੱਤੇ ਨਿਰਦੇਸ਼, ਡਬਲ ਡੈਕਰ ਖੁੱਲ੍ਹੀ ਬੱਸ ਚਲਾਉਣ ਦੀ ਦੱਸੀ ਯੋਜਨਾ
ਅੰਬਾਲਾ, 3 ਅਪ੍ਰੈਲ (ਬੀਪੀ ਬਿਊਰੋ)
ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ “ਕੋਈ ਸ਼ਹਿਰ ਉਦੋਂ ਹੀ ਤਰੱਕੀ ਕਰਦਾ ਹੈ ਜਦੋਂ ਬਾਹਰੋਂ ਲੋਕ ਉਸ ਨੂੰ ਦੇਖਣ ਆਉਂਦੇ ਹਨ”। ਲੋਕਾਂ ਨੂੰ ਸ਼ਹਿਰ ਦੀ ਸੁੰਦਰਤਾ ਦੇਖਣ ਦਾ ਬਿਹਤਰ ਮੌਕਾ ਦੇਣ ਲਈ ਅੰਬਾਲਾ ਛਾਉਣੀ ਵਿੱਚ ਇੱਕ ਡਬਲ-ਡੈਕਰ ਖੁੱਲ੍ਹੀ ਬੱਸ ਚਲਾਉਣ ਦੀ ਯੋਜਨਾ ਹੈ ਜੋ ਸੈਲਾਨੀਆਂ ਨੂੰ ਸ਼ਹੀਦ ਸਮਾਰਕ, ਸਾਇੰਸ ਸੈਂਟਰ, ਬੈਂਕ ਸਕੁਏਅਰ, ਰਾਣੀ ਕਾ ਤਲਾਬ ਰਾਹੀਂ ਸੁਭਾਸ਼ ਪਾਰਕ ਲੈ ਕੇ ਜਾਵੇਗੀ।
ਸ੍ਰੀ ਵਿੱਜ ਅੱਜ ਆਪਣੇ ਨਿਵਾਸ ‘ਤੇ ਸੁਭਾਸ਼ ਪਾਰਕ ਪ੍ਰਬੰਧਨ ਕਮੇਟੀ, ਐਸਡੀਐਮ, ਈਓ ਅਤੇ ਹੋਰ ਅਧਿਕਾਰੀਆਂ ਨਾਲ ਸੁਭਾਸ਼ ਪਾਰਕ ਵਿੱਚ ਸੁਧਾਰਾਂ ਅਤੇ ਹੋਰ ਕੰਮਾਂ ਸਬੰਧੀ ਇੱਕ ਮੀਟਿੰਗ ਵਿੱਚ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਜ ਸੁਭਾਸ਼ ਪਾਰਕ ਨਾ ਸਿਰਫ਼ ਅੰਬਾਲਾ ਸਗੋਂ ਹਰਿਆਣਾ, ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਖਿੱਚ ਦਾ ਕੇਂਦਰ ਬਣ ਗਿਆ ਹੈ ਜਿੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਨੋਰੰਜਨ ਲਈ ਪਾਰਕ ਵਿੱਚ ਖਿਡੌਣਾ ਰੇਲਗੱਡੀ ਅਤੇ ਗਰਮ ਹਵਾ ਦੇ ਗ਼ੁਬਾਰੇ ਵਰਗੀਆਂ ਸਹੂਲਤਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਨ੍ਹਾਂ ਦੇ ਖੁੱਲ੍ਹਣ ਨਾਲ ਪਾਰਕ ਵਿੱਚ ਬੱਚਿਆਂ ਅਤੇ ਲੋਕਾਂ ਦਾ ਮਨੋਰੰਜਨ ਹੋਰ ਵਧੇਗਾ।
ਇਸ ਮੌਕੇ ਐਸ.ਡੀ.ਐਮ ਵਿਨੇਸ਼ ਕੁਮਾਰ, ਈ.ਓ ਰਵਿੰਦਰ ਕੁਹਾੜ, ਐਨ.ਪੀ.ਪ੍ਰਧਾਨ ਸਵਰਨ ਕੌਰ, ਸੁਭਾਸ਼ ਪਾਰਕ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੰਜੀਵ ਵਾਲੀਆ ਤੋਂ ਇਲਾਵਾ ਕਪਿਲ ਵਿੱਜ, ਸੀ.ਏ.ਏ.ਡੀ.ਗਾਂਧੀ, ਜਸਵੰਤ ਜੈਨ, ਨਵਲ ਸੂਦ, ਲਲਤਾ ਪ੍ਰਸਾਦ, ਬੀ.ਐਸ.ਬਿੰਦਰਾ, ਐਸ.ਐਸ ਸਹਿਗਲ, ਸੁਰਿੰਦਰ ਸਹਿਗਲ ਗੋਪੀ, ਆਰਤੀ ਸਹਿਗਲ, ਸੰਜੀਵ ਬਬਲਾ, ਪ੍ਰਵੀਣ ਰਸਤੋਗੀ, ਅਜੈ ਸੇਠੀ, ਭਰਤ ਕੋਛੜ, ਸੰਜੀਵ ਅਤਰੀ, ਰੇਣੂ ਚੌਹਾਨ, ਸ਼ਿਆਮ ਸੁੰਦਰ ਅਰੋੜਾ ਆਦਿ ਹਾਜ਼ਰ ਸਨ।
ਮੀਟਿੰਗ ਵਿੱਚ ਵਿੱਜ ਨੇ ਬਿਜਲੀ ਅਧਿਕਾਰੀਆਂ ਨੂੰ ਸੁਭਾਸ਼ ਪਾਰਕ ਨੂੰ ਬਿਜਲੀ ਦੀ ਹਾਟ ਲਾਈਨ ਨਾਲ ਜੋੜਨ ਦੇ ਨਿਰਦੇਸ਼ ਦਿੱਤੇ ਤਾਂ ਕਿ ਪਾਰਕ ਵਿੱਚ ਨਿਰਵਿਘਨ ਬਿਜਲੀ ਸਪਲਾਈ ਹੋ ਸਕੇ।ਉਨ੍ਹਾਂ ਨੇ ਫੁੱਲਾਂ ਦੀ ਗਿਣਤੀ ਹੋਰ ਵਧਾਈ ਜਾਣ ਦਾ ਕਿਹਾ ਤਾਂ ਜੋ ਪਾਰਕ ਹਰ ਸਮੇਂ ਖਿੜਿਆ ਹੋਇਆ ਦਿਖਾਈ ਦੇਵੇ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਹਰ ਮੌਸਮ ਦੇ ਫੁੱਲ ਲਾਏ ਜਾਣੇ ਚਾਹੀਦੇ ਹਨ। ਫੁੱਲ ਲਗਾਉਣ ਲਈ ਵੱਖ-ਵੱਖ ਥਾਵਾਂ ਦੀ ਚੋਣ ਕਰਨੀ ਚਾਹੀਦੀ ਹੈ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਸੁਭਾਸ਼ ਪਾਰਕ ਦੀ ਝੀਲ ਨੂੰ ਸਾਫ਼ ਰੱਖਣ ਲਈ ਇਸ ਵਿੱਚ ਮੱਛੀਆਂ ਪਾਉਣ ਦੇ ਨਿਰਦੇਸ਼ ਦਿੱਤੇ। ਇਸ ਲਈ ਉਨ੍ਹਾਂ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਝੀਲ ਵਿੱਚ ਫੁਹਾਰਿਆਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਚਾਲੂ ਕਰਨ, ਝੀਲ ਵਿੱਚ ਨਿਯਮਿਤ ਤੌਰ ‘ਤੇ ਪਾਣੀ ਪਾਉਣ ਆਦਿ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਪਾਰਕ ਵਿੱਚ ਲਾਏ ਗਏ ਸੰਗੀਤਕ ਫੁਹਾਰੇ ਦੀ ਨਿਯਮਤ ਤੌਰ ‘ਤੇ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਲੋਕ ਸ਼ਾਮ ਨੂੰ ਸੰਗੀਤਕ ਫੁਹਾਰੇ ਦਾ ਆਨੰਦ ਮਾਣ ਸਕਣ।
ਸੁਭਾਸ਼ ਪਾਰਕ ਵਿੱਚ ਕਿਸੇ ਵੀ ਵਾਹਨ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ
ਕੈਬਨਿਟ ਮੰਤਰੀ ਅਨਿਲ ਵਿੱਜ ਨੇ ਸੁਭਾਸ਼ ਪਾਰਕ ਦੇ ਓਪਨ ਏਅਰ ਥੀਏਟਰ ਵਿੱਚ ਸਾਮਾਨ ਪਹੁੰਚਾਉਣ ਅਤੇ ਹੋਰ ਕੰਮਾਂ ਲਈ ਆਉਣ ਵਾਲੇ ਛੋਟੇ ਵਾਹਨਾਂ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕੋਈ ਵੀ ਵਾਹਨ ਪਾਰਕ ਵਿੱਚ ਦਾਖਲ ਨਹੀਂ ਹੋਵੇਗਾ। ਉਨ੍ਹਾਂ ਥੀਏਟਰ ਵਿੱਚ ਸਥਾਈ ਤੌਰ ‘ਤੇ ਸਾਊਂਡ ਸਿਸਟਮ ਲਗਾਉਣ ਅਤੇ ਵੱਖ-ਵੱਖ ਥਾਵਾਂ ‘ਤੇ ਲਾਏ ਗਏ ਸੰਗੀਤ ਸਪੀਕਰਾਂ ਨੂੰ ਨਿਯਮਤ ਤੌਰ ‘ਤੇ ਚਲਾਉਣ ਅਤੇ ਵੱਖ-ਵੱਖ ਥਾਵਾਂ ‘ਤੇ ਪਲਾਸਟਿਕ ਦੇ ਡਸਟਬਿਨ ਲਗਾਉਣ ਦੇ ਵੀ ਨਿਰਦੇਸ਼ ਦਿੱਤ।
ਸੜਕ ਵੱਲ ਫੂਡ ਕੋਰਟ ਦਾ ਪ੍ਰਵੇਸ਼ ਦੁਆਰ ਖੋਲ੍ਹਣ ਦੇ ਨਿਰਦੇਸ਼
ਮੀਟਿੰਗ ਵਿੱਚ ਕੈਬਨਿਟ ਮੰਤਰੀ ਨੇ ਸੁਭਾਸ਼ ਪਾਰਕ ਵਿੱਚ ਸਥਿਤ ਫੂਡ ਕੋਰਟ ਵਿੱਚ ਸੜਕ ਵਾਲੇ ਪਾਸਿਉਂ ਵੀ ਦਾਖਲ ਹੋਣ ਦੀ ਆਗਿਆ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਦੋਵੇਂ ਮੁੱਖ ਹਾਲਾਂ ਵਿੱਚ ਫੂਡ ਕੋਰਟ ਦਾ ਪ੍ਰਵੇਸ਼ ਸੜਕ ਵੱਲ ਹੋਣਾ ਚਾਹੀਦਾ ਹੈ ਤਾਂ ਜੋ ਪਾਰਕ ਦੇ ਸਾਹਮਣੇ ਵਾਲੀ ਸੜਕ ਤੋਂ ਲੰਘਣ ਵਾਲੇ ਲੋਕ ਵੀ ਖਾਣ-ਪੀਣ ਦਾ ਆਨੰਦ ਲੈ ਸਕਣ। ਉਨ੍ਹਾਂ ਕਿਹਾ ਕਿ ਦੋਵੇਂ ਫੂਡ ਕੋਰਟ ਅਲਾਟ ਕਰਨ ਲਈ ਦੁਬਾਰਾ ਟੈਂਡਰ ਮੰਗੇ ਜਾਣੇ ਚਾਹੀਦੇ ਹਨ।
ਤੀਜੇ ਹਾਲ ਵਿੱਚ ਈ-ਲਾਇਬ੍ਰੇਰੀ ਦੇ ਨਾਲ-ਨਾਲ ਮੀਟਿੰਗਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ
ਕੈਬਨਿਟ ਮੰਤਰੀ ਅਨਿਲ ਵਿੱਜ ਨੇ ਮੀਟਿੰਗ ਦੌਰਾਨ ਕਿਹਾ ਕਿ ਪਾਰਕ ਵਿੱਚ ਬਣੇ ਤੀਜੇ ਹਾਲ ਵਿੱਚ ਈ-ਲਾਇਬ੍ਰੇਰੀ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਬੱਚੇ ਇੱਥੇ ਬੈਠ ਕੇ ਪੜ੍ਹ ਸਕਣ। ਇਸ ਤੋਂ ਇਲਾਵਾ, ਇੱਥੇ ਇੱਕ ਗੋਲ ਮੇਜ਼ ਲਗਾਉਣ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਾਰਕ ਵਿੱਚ ਸੁਧਾਰ ਕਾਰਜਾਂ ਸੰਬੰਧੀ ਮੀਟਿੰਗਾਂ ਵੀ ਇੱਥੇ ਆਸਾਨੀ ਨਾਲ ਹੋ ਸਕਣ।
ਮੀਟਿੰਗ ਦੌਰਾਨ ਸ੍ਰੀ ਵਿੱਜ ਨੇ ਪਾਰਕ ਵਿੱਚ ਸੁਰੱਖਿਆ, ਲਾਈਟਾਂ ਦੀ ਨਿਯਮਤ ਜਾਂਚ, ਪ੍ਰਵੇਸ਼ ਰਸਤਿਆਂ ‘ਤੇ ਨਜ਼ਰ ਰੱਖਣ, ਮੁੱਖ ਗੇਟ ਤੋਂ ਪ੍ਰਵੇਸ਼ ਅਤੇ ਨਿਕਾਸ, ਝੀਲ ਵਿੱਚ ਪਾਣੀ ਦਾ ਸਹੀ ਪੱਧਰ ਬਣਾਈ ਰੱਖਣ ਅਤੇ ਹੋਰ ਹਦਾਇਤਾਂ ਦਿੱਤੀਆਂ।
