ਅੰਬਾਲਾ, 17 ਮਾਰਚ (ਐਸ.ਪੀ.ਭਾਟੀਆ)
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਸ਼ੋਕ ਜੈਨ ਨੇ ਹਰਿਆਣਾ ਦੇ ਸਾਲਾਨਾ ਬਜਟ ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਬਜਟ ਤੋਂ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਨਿਰਾਸ਼ਾ ਹੋਈ ਹੈ। ਹਰਿਆਣਾ ਵਿੱਚ ਉਦਯੋਗ ਸਥਾਪਤ ਕਰਨ ਲਈ ਸਰਕਾਰ ਨੂੰ ਬਜਟ ਵਿੱਚ ਬਿਜਲੀ ਬਿੱਲਾਂ ਅਤੇ ਕਰਜ਼ਿਆਂ ਵਿੱਚ ਘੱਟ ਵਿਆਜ ਦਰਾਂ ‘ਤੇ ਸਬਸਿਡੀ ਦੇਣ ਦਾ ਨਿਯਮ ਬਣਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਜਨਤਾ ਬਜਟ ਵਿੱਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਿੱਚ ਕਮੀ ਦੀ ਉਮੀਦ ਕਰ ਰਹੀ ਸੀ ਜਿਸ ਤੇ ਪਾਣੀ ਫਿਰ ਗਿਆ ਹੈ।
ਕਾਂਗਰਸ ਨੇਤਾ ਅਸ਼ੋਕ ਜੈਨ ਨੇ ਇਹ ਵੀ ਕਿਹਾ ਕਿ ਕਿਸਾਨ ਅਤੇ ਕਮਿਸ਼ਨ ਏਜੰਟ ਉਮੀਦ ਕਰ ਰਹੇ ਸਨ ਕਿ ਸਰਕਾਰ ਬਜਟ ਵਿੱਚ ਫਲਾਂ ਅਤੇ ਸਬਜ਼ੀਆਂ ‘ਤੇ ਲਗਾਈ ਗਈ ਮਾਰਕੀਟ ਫ਼ੀਸ ਨੂੰ ਹਟਾ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਜਟ ਵਿੱਚ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਰਿਆਇਤਾਂ ਨਾ ਦੇਣ ਕਾਰਨ, ਸੂਬੇ ਵਿੱਚ ਬੇਰੁਜ਼ਗਾਰੀ ਪਹਿਲਾਂ ਨਾਲੋਂ ਵੀ ਵੱਧ ਜਾਵੇਗੀ ਅਤੇ ਬੇਰੁਜ਼ਗਾਰੀ ਵਧਣ ਨਾਲ ਰਾਜ ਵਿੱਚ ਅਪਰਾਧ ਅਤੇ ਨਸ਼ਾਖੋਰੀ ਵਿਚ ਵਾਧਾ ਹੋਵੇਗਾ ਜੋ ਹਰਿਆਣਾ ਲਈ ਨੁਕਸਾਨਦੇਹ ਹੈ।
ਦੂਜੇ ਪਾਸੇ ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ “ਇਸ ਵਾਰ ਹਰਿਆਣਾ ਦਾ ਬਜਟ ਸਾਰੇ ਵਰਗਾਂ ਦੇ ਲੋਕਾਂ ਅਤੇ ਵਿਧਾਇਕਾਂ ਦੀ ਰਾਏ ਲੈਣ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਅਤੇ ਇਹ ਸਰਵਪੱਖੀ ਵਿਕਾਸ ਦਾ ਬਜਟ ਹੋਵੇਗਾ। ਅਤੇ ਇਸ ਵਿਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ”।

Leave a Reply