ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਅੰਬਾਲਾ ਸ਼ਹਿਰ ਅਨਾਜ ਮੰਡੀ ਦਾ ਕੀਤਾ ਨਿਰੀਖਣ: ਕਣਕ ਦੀ ਖ਼ਰੀਦ ‘ਚ ਸਖ਼ਤੀ ਦੇ ਦਿੱਤੇ ਹੁਕਮ

ਅੰਬਾਲਾ ਸ਼ਹਿਰ, 8 ਅਪ੍ਰੈਲ (ਐਸ.ਪੀ. ਭਾਟੀਆ)

ਅੰਬਾਲਾ ਸ਼ਹਿਰ ਅਨਾਜ ਮੰਡੀ ‘ਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰ ਸਰਕਾਰੀ ਖ਼ਰੀਦ ‘ਚ ਦੇਰੀ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਕਿਸਾਨਾਂ ‘ਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਅੰਬਾਲਾ ਸ਼ਹਿਰ ਅਨਾਜ ਮੰਡੀ ਦਾ ਦੌਰਾ ਕਰਕੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਖ਼ਤ ਹੁਕਮ ਦਿੱਤੇ।
ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਮੰਗਲਵਾਰ ਨੂੰ ਅੰਬਾਲਾ ਸ਼ਹਿਰ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਣਕ ਦੇ ਢੇਰਾਂ ‘ਤੇ ਜਾ ਕੇ ਨਮੀ ਦੀ ਜਾਂਚ ਕੀਤੀ ਅਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਮੀਖਿਆ ਕੀਤੀ। ਮਾਰਕੀਟ ਕਮੇਟੀ ਦਫਤਰ ‘ਚ ਆੜ੍ਹਤੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਲੈਂਦਿਆਂ ਉਨ੍ਹਾਂ ਹੁਕਮ ਦਿੱਤੇ ਕਿ ਕਣਕ ਦੀ ਖ਼ਰੀਦ ਅਤੇ ਲਿਫਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਹੋਵੇ। ਬਾਰਦਾਨਾ, ਤਰਪਾਲ, ਰੈਕ ਅਤੇ ਹੋਰ ਪ੍ਰਬੰਧ ਯਕੀਨੀ ਬਣਾਉਣ ਦੇ ਨਾਲ-ਨਾਲ ਮਜ਼ਦੂਰ ਅਤੇ ਟਰਾਂਸਪੋਰਟਰ ਟੈਂਡਰ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਖ਼ਰੀਦ ‘ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸਾਨਾਂ ਦੀ ਅਦਾਇਗੀ 72 ਘੰਟਿਆਂ ਦੇ ਅੰਦਰ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਦਰਸ਼ਨ ਕੁਮਾਰ, ਡੀ.ਐਫ.ਐਸ.ਸੀ. ਅਪਾਰ ਤਿਵਾੜੀ, ਡੀ.ਐਮ. ਹੈਫੈਡ ਦਵਿੰਦਰ ਸਿੰਘ, ਡੀ.ਐਮ.ਈ.ਓ. ਰਾਜੀਵ ਚੌਧਰੀ, ਕਾਰਜਕਾਰੀ ਇੰਜੀਨੀਅਰ ਨਵੀਨ ਸ਼ਿਓਰਾਣ, ਮੰਡੀ ਪ੍ਰਧਾਨ ਮੱਖਣ ਲਾਲ ਗੋਇਲ, ਸਾਬਕਾ ਪ੍ਰਧਾਨ ਦੁਨੀ ਚੰਦ, ਆੜ੍ਹਤੀ ਗੌਰਵ ਗੁਪਤਾ, ਸੰਜੀਵ ਗਰਗ ਅਤੇ ਮਾਰਕੀਟ ਕਮੇਟੀ ਸਕੱਤਰ ਦਲੇਲ ਸਿੰਘ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਅੰਬਾਲਾ ਸ਼ਹਿਰ ਅਨਾਜ ਮੰਡੀ ‘ਚ ਅਟੱਲ ਕਿਸਾਨ ਮਜ਼ਦੂਰ ਕੈਨਟੀਨ ਦਾ ਨਿਰੀਖਣ ਵੀ ਕੀਤਾ ਅਤੇ ਉੱਥੇ ਖਾਣੇ ਦੇ ਪ੍ਰਬੰਧ ਦਾ ਜਾਇਜ਼ਾ ਲਿਆ। ਕੈਨਟੀਨ ਨੁਮਾਇੰਦੇ ਨੇ ਦੱਸਿਆ ਕਿ ਰੋਜ਼ਾਨਾ 500 ਤੋਂ 600 ਲੋਕਾਂ ਲਈ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਮਜ਼ਦੂਰਾਂ ਤੋਂ ਭੋਜਨ ਦੀ ਗੁਣਵੱਤਾ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇ।

Leave a Reply

Your email address will not be published. Required fields are marked *

Leave a Reply

Your email address will not be published. Required fields are marked *