ਅੰਬਾਲਾ, 3 ਮਈ (ਬੀਪੀ ਬਿਊਰੋ)
ਮਾਨਯੋਗ ਡਿਪਟੀ ਕਮਿਸ਼ਨਰ ਅਤੇ ਚੇਅਰਪਰਸਨ ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ ਅੰਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕ ਸਭਿਆਚਾਰ ਦੀ ਸੰਭਾਲ ਲਈ ਕਲਾ ਅਤੇ ਸਭਿਆਚਾਰ ਵਿਭਾਗ ਹਰਿਆਣਾ ਅਤੇ ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ ਬਾਲ ਭਵਨ ਅੰਬਾਲਾ ਦੇ ਸਾਂਝੇ ਸਹਿਯੋਗ ਹੇਠ ਆਯੋਜਿਤ 15 ਰੋਜ਼ਾ ਹਰਿਆਣਵੀ ਲੋਕ ਨਾਚ ਵਰਕਸ਼ਾਪ ਅੱਜ ਸਮਾਪਤ ਹੋ ਗਈ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ, ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਚੰਡੀਗੜ੍ਹ ਦੀ ਆਨਰੇਰੀ ਜਨਰਲ ਸਕੱਤਰ ਡਾ. ਸੁਸ਼ਮਾ ਗੁਪਤਾ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੇ ਸਭਿਆਚਾਰਕ ਵਰਕਸ਼ਾਪਾਂ ਰਾਹੀਂ ਹਰਿਆਣਾ ਦੀਆਂ ਸਭਿਆਚਾਰਕ ਪਰੰਪਰਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਵੀ ਮਿਲਿਆ ਹੈ।
ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਅੰਬਾਲਾ ਵਿਸ਼ਵਾਸ ਮਲਿਕ ਨੇ ਇਸ ਮੌਕੇ ‘ਤੇ ਕਲਾ ਅਤੇ ਸਭਿਆਚਾਰ ਵਿਭਾਗ, ਹਰਿਆਣਾ ਦੇ ਡਾਇਰੈਕਟਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਵਿਚ ਛੁਪੀ ਹੋਈ ਪ੍ਰਤਿਭਾ ਤੇ ਸਰਵਪੱਖੀ ਵਿਕਾਸ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਲਈ ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ ਬਾਲ ਭਵਨ ਵਿੱਚ ਐਰੋਬਿਕਸ, ਪੇਂਟਿੰਗ, ਲੋਕ ਨਾਚ, ਕੱਥਕ ਅਤੇ ਹੋਰ ਵਿਸ਼ਿਆਂ ਦੀਆਂ ਗਰਮੀਆਂ ਦੀਆਂ ਹਾਬੀ ਕਲਾਸਾਂ ਚਲਾ ਰਹੀ ਹੈ ਜੋ 30 ਜੂਨ ਨੂੰ ਪੂਰੀਆਂ ਹੋਣੀਆਂ ਹਨ। ਉਸ ਦਿਨ “ਬਾਲ ਭਵਨ ਕੀ ਏਕ ਸ਼ਾਮ, ਆਪ ਕੇ ਨਾਮ” ਦੇ ਤਹਿਤ ਬੱਚਿਆਂ ਦਾ ਇੱਕ ਵੱਡਾ ਸ਼ੋਅ ਆਯੋਜਿਤ ਕੀਤਾ ਜਾਵੇਗਾ।
ਡਾ. ਪ੍ਰਦੀਪ ਸਨੇਹੀ, ਸਾਬਕਾ ਪ੍ਰਿੰਸੀਪਲ, ਐਸ.ਏ. ਜੈਨ ਕਾਲਜ, ਅੰਬਾਲਾ ਸ਼ਹਿਰ, ਡਾ. ਤਜਿੰਦਰ ਵਾਲੀਆ, ਸਾਬਕਾ ਪੀ.ਸੀ.ਐਸ. ਅਧਿਕਾਰੀ (ਪੰਜਾਬ) ਤੇ ਟਰੇਨਰ ਬੁੱਧ ਰਾਮ ਨੇ ਵੀ ਸਮਾਪਤੀ ਸਮਾਰੋਹ ਵਿਚ ਵਿਚਾਰ ਰੱਖੇ। ਬੁੱਧ ਰਾਮ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ 22 ਬੱਚਿਆਂ ਨੂੰ ਹਰਿਆਣਵੀ ਲੋਕ ਨਾਚ ਦੀ ਸਿਖਲਾਈ ਦਿੱਤੀ ਗਈ ਹੈ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਹਰਿਆਣਵੀ ਨਾਚ ਦੀ ਪੇਸ਼ਕਾਰੀ ਵੀ ਦਿੱਤੀ।
ਇਸ ਮੌਕੇ ਸਰੋਜ ਮਲਿਕ ਬਾਲ ਭਲਾਈ ਅਧਿਕਾਰੀ ਹੈੱਡਕੁਆਟਰ ਚੰਡੀਗੜ੍ਹ, ਰਾਜੇਸ਼ ਕੁਮਾਰ, ਪ੍ਰੋਗਰਾਮ ਅਧਿਕਾਰੀ, ਸਚਿਨ ਗੁਪਤਾ, ਹਰਬਿੰਦਰ ਸਿੰਘ, ਇੰਚਾਰਜ ਹੌਬੀ ਕਲਾਸ, ਰਾਕੇਸ਼ ਮੱਕੜ, ਇੰਦਰਜੀਤ ਸਿੰਘ ਅਤੇ ਅਸ਼ੋਕ ਕੁਮਾਰ, ਜੀਵਨ ਮੈਂਬਰ, ਅਭਿਮਨਿਊ ਦੂਹਨ, ਪਲੇਵੇਅ ਸਕੂਲ ਐਸੋਸੀਏਸ਼ਨ, ਅੰਬਾਲਾ, ਐਚ.ਐਲ. ਬਿੰਦਰਾ, ਪ੍ਰਧਾਨ ਚੈਰੀਟੇਬਲ ਐਂਡ ਵੈੱਲਫੇਅਰ ਸੁਸਾਇਟੀ, ਅੰਬਾਲਾ, ਅਸ਼ੋਕ ਰਾਣਾ, ਜੇ.ਪੀ. ਸਿੰਘ ਆਦਿ ਮੌਜੂਦ ਸਨ।

