ਸੰਗਤ ਨੇ ਦਰਸ਼ਨ ਕਰਕੇ ਤੇ ਸ਼ਾਮਲ ਹੋ ਕੇ ਗੁਰੂ ਤੇਗ ਬਹਾਦਰ ਜੀ ਪ੍ਰਤੀ ਅਕੀਦਤ ਪੇਸ਼ ਕੀਤੀ
ਬੀਪੀ ਬਿਊਰੋ
ਅੰਬਾਲਾ, 21 ਅਕਤੂਬਰ

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ ਅੱਜ ਅੰਬਾਲਾ ਸ਼ਹਿਰ ਪਹੁੰਚਿਆ ਜਿੱਥੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਇਸ ਦਾ ਪੂਰਨ ਸ਼ਰਧਾ ਅਤੇ ਸਤਿਕਾਰ ਸਹਿਤ ਸ਼ਾਨਦਾਰ ਸਵਾਗਤ ਕੀਤਾ। ਇਹ ਨਗਰ ਕੀਰਤਨ ਸਵੇਰੇ 11.30 ਵਜੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ ਪਹੁੰਚਿਆ, ਜਿੱਥੇ ਮਾਹੌਲ “ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਅਤੇ ਸਤਿਨਾਮ-ਵਾਹਿਗੁਰੂ ਦੀ ਧੁਨ ਨਾਲ ਗੂੰਜ ਉੱਠਿਆ।
ਇਹ ਨਗਰ ਕੀਰਤਨ ਦੇਸ਼ ਭਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਲੰਘ ਰਿਹਾ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਨਗਰ ਕੀਰਤਨ ਗੁਰੂ ਪਰੰਪਰਾ ਦੀਆਂ ਅਮਰ ਸਿੱਖਿਆਵਾਂ – ਧਾਰਮਿਕਤਾ, ਮਨੁੱਖਤਾ ਅਤੇ ਕੁਰਬਾਨੀ ਦਾ ਸੰਦੇਸ਼ ਦਿੰਦਾ ਹੈ। ਅੰਬਾਲਾ ਪਹੁੰਚਣ ‘ਤੇ ਹਜ਼ਾਰਾਂ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ।
ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਪਟਨਾ ਸਾਹਿਬ ਦੀ ਧਰਤੀ ਤੋਂ 17 ਸਤੰਬਰ ਨੂੰ ਚੱਲਿਆ ਸੀ ਅਤੇ ਅੱਜ ਇੱਥੇ ਪਹੁੰਚਿਆ ਹੈ। ਇਹ ਨਗਰ ਕੀਰਤਨ ਪਟਨਾ ਸਾਹਿਬ ਦੀ ਗੁਰਦੁਆਰਾ ਕਮੇਟੀ ਵੱਲੋਂ ਸਜਾਇਆ ਗਿਆ ਹੈ ਅਤੇ ਉਸ ਗੁਰਦੁਆਰਾ ਸਾਹਿਬ ਦੇ ਸੁਪਰਡੈਂਟ ਦਿਲਜੀਤ ਸਿੰਘ ਇਸ ਦੇ ਪ੍ਰਬੰਧਾਂ ਨੂੰ ਦੇਖ ਰਹੇ ਹਨ। ਰਾਤ ਕੁਰੂਕਸ਼ੇਤਰ ਪੜਾਅ ਕਰਨ ਤੋਂ ਬਾਅਦ ਅੱਜ ਇਹ ਨਗਰ ਕੀਰਤਨ ਇੱਥੇ ਪਹੁੰਚਿਆ ਹੈ ਅਤੇ ਅਗਲਾ ਪੜਾਅ ਮੁਹਾਲੀ ਵਿਚ ਹੈ।
ਇਸ ਦੌਰਾਨ ਸੰਗਤ ਨੇ ਪਾਲਕੀ ਸਾਹਿਬ ਵਿਚ ਸਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਉਨ੍ਹਾਂ ਦੇ ਪਿੱਛੇ ਸੰਗਤ ਗੁਰੂ ਦਾ ਗੁਣਗਾਨ ਕਰ ਰਹੀ ਸੀ। ਗੁਰਬਾਣੀ ਦੀਆਂ ਰੂਹਾਨੀ ਧੁਨਾਂ ਗੂੰਜ ਰਹੀਆਂ ਸਨ।ਨਿਹੰਗ ਸਮੂਹਾਂ ਨੇ ਆਪਣੀ ਰਵਾਇਤੀ ਜੰਗੀ ਕਲਾ, ‘ਗਤਕਾ’ ਪੇਸ਼ ਕੀਤੀ, ਜਿਸ ਨੂੰ ਦੇਖਣ ਲਈ ਸੜਕਾਂ ‘ਤੇ ਵੱਡੀ ਭੀੜ ਇਕੱਠੀ ਹੋਈ।
