ਬੀਪੀ ਬਿਊਰੋ
ਅੰਬਾਲਾ, 1 ਦਸੰਬਰ

ਐਸ.ਸੀ.ਈ.ਆਰ.ਟੀ. ਹਰਿਆਣਾ, ਗੁੜਗਾਉਂ ਦੇ ਨਿਰਦੇਸ਼ ਅਨੁਸਾਰ ਡਾਇਟ ਮੌਹੜਾ ਜ਼ਿਲ੍ਹਾ ਅੰਬਾਲਾ ਵਿਖੇ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਰਾਣੀ ਦੀ ਅਗਵਾਈ ਅਤੇ ਸੀਨੀਅਰ ਲੈਕਚਰਾਰ ਵਿਜੇਂਦਰ ਡਾਗਰ ਦੀ ਸੁਚੱਜੀ ਦੇਖ-ਰੇਖ ਹੇਠ ਪੰਜਾਬੀ ਅਧਿਆਪਕਾਂ ਲਈ 24 ਨਵੰਬਰ 2025 ਤੋਂ 29 ਨਵੰਬਰ 2005 ਤੱਕ ਖ਼ਾਸ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਵਿੱਦਿਅਕ ਸਮਰੱਥਾ ਅਤੇ ਅਧਿਆਪਨ ਕੁਸ਼ਲਤਾਵਾਂ ਦਾ ਵਿਕਾਸ ਕਰਨਾ ਸੀ। ਪ੍ਰੋਗਰਾਮ ਦੌਰਾਨ ਮਾਸਟਰ ਟਰੇਲਰਾਂ ਵਜੋਂ ਦਰਸ਼ਨ ਸਿੰਘ ਦਰਸ਼ੀ (ਜੀਂਦ), ਡਾ. ਸਮਰਾਟ, ਰਵਿੰਦਰ ਕੌਰ, ਇੰਦਰਜੀਤ ਸਿੰਘ, ਸੀਮਾ ਪਰੂਥੀ ਆਦਿ ਵਿਦਵਾਨ ਲੈਕਚਰਾਰਾਂ ਨੇ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ ਅਤੇ ਪੰਜਾਬੀ ਸਾਹਿਤ ਦੇ ਅਧਿਐਨ-ਅਧਿਆਪਨ ਸੰਬੰਧੀ ਮਹੱਤਵਪੂਰਨ ਬਰੀਕੀਆਂ ‘ਤੇ ਲੈਕਚਰ ਦਿੱਤੇ। ਇਨ੍ਹਾਂ ਲੈਕਚਰਾਂ ‘ਤੇ ਡੂੰਘੀ ਚਰਚਾ ਕੀਤੀ ਗਈ ਜਿਸ ਨਾਲ ਅਧਿਆਪਕਾਂ ਨੂੰ ਨਵਾਂ ਅਨੁਭਵ ਅਤੇ ਸਿਖਲਾਈ ਪ੍ਰਾਪਤ ਹੋਈ। ਵਿਦਿਆਰਥੀਆਂ ਦੇ ਅਧਿਐਨ ਅਤੇ ਅਧਿਆਪਕਾਂ ਦੇ ਅਧਿਆਪਨ ਨਾਲ ਜੁੜੀਆਂ ਚੁਨੌਤੀਆਂ ‘ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਹੱਲਾਂ ਬਾਰੇ ਮਨਨ ਕੀਤਾ ਗਿਆ। ਦਰਸ਼ਨ ਸਿੰਘ ਦਰਸ਼ੀ ਨੇ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਸਬੰਧੀ ਮਹੱਤਵਪੂਰਨ ਚਿੰਤਾਵਾਂ ਨੂੰ ਉਭਾਰਿਆ। ਇਹ ਟਰੇਨਿੰਗ ਪ੍ਰੋਗਰਾਮ ਜ਼ਿਲ੍ਹਾ ਅੰਬਾਲਾ ਦੇ ਪੰਜਾਬੀ ਅਧਿਆਪਕਾਂ ਲਈ ਇੱਕ ਨਵੀਂ ਊਰਜਾ ਦਾ ਸਰੋਤ ਸਾਬਤ ਹੋਇਆ ਜਿਸ ਦਾ ਸਕਾਰਾਤਮਿਕ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਪੜ੍ਹਾਈ ‘ਤੇ ਯਕੀਨੀ ਤੌਰ ‘ਤੇ ਨਜ਼ਰ ਆਵੇਗਾ। ਪੰਜਾਬੀ ਲੈਕਚਰਾਰ ਰਾਜੇਸ਼ ਕੁਮਾਰ ਨੇ 9 ਤੋਂ 12ਵੀਂ ਜਮਾਤਾਂ ਦੀਆਂ ਐਨ.ਸੀ.ਈ.ਆਰ.ਟੀ. ਦੀਆਂ ਪੰਜਾਬੀ ਪਾਠ ਪੁਸਤਕਾਂ ਉਪਲਬਧ ਨਾ ਹੋਣ ਦੀ ਗੰਭੀਰ ਸਮੱਸਿਆ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਰੱਖਿਆ। ਇਸੇ ਦੌਰਾਨ ਲੈਕਚਰਾਰ ਪਰਵਿੰਦਰ ਕੌਰ ਪਰੀ ਨੇ ਆਪਣੇ ਲੋਕ-ਸਭਿਆਚਾਰ ਦੀ ਮਹਿਕ ਖਿਲਾਰਦਿਆਂ ‘ਸੁਹਾਗ’ ਗਾ ਕੇ ਇਸ ਲੋਕਗੀਤ ਦੀ ਸਭਿਆਚਾਰਕ ਮਹੱਤਤਾ ‘ਤੇ ਚਰਚਾ ਕੀਤੀ। ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਲੋਕ ਗਾਇਕੀ ਦੇ ਐਵਾਰਡ ਨਾਲ ਸਨਮਾਨਿਤ ਪੰਜਾਬੀ ਗਾਇਕ ਬਿੱਟੂ ਸ਼ਾਹਪੁਰੀ ਨੇ ਬੌਧਿਕ ਸੈਸ਼ਨ ਤੋਂ ਬਾਅਦ ਆਪਣੀ ਗਾਇਕੀ ਨਾਲ ਸਮਾਂ ਬੰਨ੍ਹ ਦਿੱਤਾ ਅਤੇ ਸਭ ਦੇ ਧਿਆਨ ਦਾ ਕੇਂਦਰ ਬਣਿਆ ਰਿਹਾ।
ਸਿਖਲਾਈ ਦੇ ਆਖ਼ਰੀ ਦਿਨ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਰਾਣੀ ਨੇ ਸਾਰੇ ਅਧਿਆਪਕਾਂ ਨੂੰ ਪ੍ਰਮਾਣ-ਪੱਤਰ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
