ਵੱਖ ਵੱਖ ਸਕੂਲਾਂ ਦੇ 19 ਵਿਦਿਆਰਥੀਆਂ ਨੇ ਲਿਆ ਹਿੱਸਾ
ਬੀਪੀ ਦੇ ਵਿਸ਼ੇਸ਼ ਪ੍ਰਤੀਨਿਧੀ ਐਸ.ਪੀ ਭਾਟੀਆ ਦੀ ਰਿਪੋਰਟ

ਅੰਬਾਲਾ ਸ਼ਹਿਰ, 17 ਨਵੰਬਰ
ਭਾਰਤ ਵਿਕਾਸ ਪ੍ਰੀਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਅੰਬਾਲਾ ਸ਼ਹਿਰ ਵੱਲੋਂ ਅੱਜ ਰਾਧੇ ਲਾਲ ਗੀਤਾ ਵਿੱਦਿਆ ਮੰਦਰ ਦੇ ਹਾਲ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਭਾਸ਼ਣ ਮੁਕਾਬਲਾ ਆਯੋਜਿਤ ਕੀਤਾ ਗਿਆ। ਕੁੱਲ 17 ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਤਪ, ਤਿਆਗ, ਅਧਿਆਤਮ ਅਤੇ ਸਰਬੱਤ ਦੇ ਭਲੇ ਦੀ ਲੌ ਨੂੰ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਪਰੋਇਆ ਕਿ ਸਾਰਾ ਹਾਲ ਗੁਰਮਤਿ–ਰੂਹਾਨੀਅਤ ਨਾਲ ਭਰ ਗਿਆ। “ਜੋ ਬੋਲੇ ਸੋ ਨਿਹਾਲ… ਸਤਿ ਸ਼੍ਰੀ ਅਕਾਲ” ਦੇ ਜੈਕਾਰਿਆਂ ਨੇ ਸਮਾਗਮ ਨੂੰ ਹੋਰ ਵੀ ਊਰਜਾ ਮਈ ਬਣਾ ਦਿੱਤਾ। ਮੁੱਖ ਅਤਿਥੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰਨੀ ਮੈਂਬਰ ਨਸ. ਟੀ.ਪੀ ਸਿੰਘ ੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਮਨੁੱਖਤਾ ਦੀ ਧਾਰਮਿਕ ਆਜ਼ਾਦੀ ਦਾ ਅਮਰ ਪ੍ਰਤੀਕ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਦੇ ਆਚਰਨ, ਨੈਤਿਕਤਾ ਅਤੇ ਚੇਤਨਾ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਦੋ-ਦੋ ਸੌ ਰੁਪਏ ਅਤੇ ਇਨਾਮ ਹਾਸਲ ਕਰਨ ਵਾਲਿਆਂ 5-5 ਸੌ ਰੁਪਏ ਪ੍ਰੋਤਸਾਹਨ ਰਕਮ ਦੇਣ ਦਾ ਐਲਾਨ ਕੀਤਾ।
ਪ੍ਰੀਸ਼ਦ ਦੇ ਖੇਤਰੀ ਜੁਆਇੰਟ ਮਹਾ ਸਚਿਵ ਦੀਪਕ ਅਨੰਦ ਰਾਏ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਮੂਹ ਮਨੁੱਖ ਸਮਾਜ ਦੀ ਆਜ਼ਾਦੀ ਅਤੇ ਅਧਿਕਾਰਾਂ ਦਾ ਸਦਾ ਜਾਗਦਾ ਦੀਪਕ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਸਭ ਜ਼ਿਲ੍ਹਿਆਂ ਵਿੱਚ ਇਨ੍ਹਾਂ ਮੁਕਾਬਲਿਆਂ ਦੀ ਲੜੀ ਚੱਲ ਰਹੀ ਹੈ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ 23 ਸਤੰਬਰ ਨੂੰ ਇਸੇ ਸਕੂਲ ਵਿਚ ਕਰਵਾਏ ਜਾ ਰਹੇ ਸੂਬਾ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ। ਸਮਾਗਮ ਵਿੱਚ ਸਰਪ੍ਰਸਤ ਪ੍ਰਦੀਪ ਗੋਇਲ, ਪ੍ਰਧਾਨ ਚਮਨ ਅਗਰਵਾਲ, ਸਚਿਵ ਅੰਕੁਰ ਗੋਇਲ, ਕੈਸ਼ੀਅਰ ਅਮਿੱਤ ਚਨਾਨਾ, ਮਹਿਲਾ ਪ੍ਰਮੁੱਖ ਮੰਜੂ ਅਗਰਵਾਲ ਅਤੇ ਪ੍ਰੋਜੈਕਟ ਇੰਚਾਰਜ ਮਨੋਜ ਅਗਰਵਾਲ ਸਮੇਤ ਸਾਰੇ ਅਹੁਦੇਦਾਰ ਹਾਜ਼ਰ ਸਨ।
ਮੁਕਾਬਲੇ ਦੇ ਨਿਰਨਾਇਕ ਡਾ. ਰਤਨ ਸਿੰਘ ਢਿੱਲੋਂ ਅਤੇ ਡਾ. ਬਲਵਾਨ ਸਿੰਘ ਨੇ ਵਿਦਿਆਰਥੀਆਂ ਦੇ ਵਿਚਾਰ ਸੁਣ ਕੇ ਸੁਚੱਜਾ ਮੁਲਾਂਕਣ ਪੇਸ਼ ਕੀਤਾ। ਡਾ. ਰਤਨ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ–ਮਰਯਾਦਾ ਅਤੇ ਜੀਵਨ–ਚਿੰਤਨ ਦਾ ਗੰਭੀਰ ਸਰੂਪ ਪ੍ਰਗਟਾਇਆ ਜਿਸ ’ਤੇ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਦੋਵਾਂ ਨਿਰਨਾਇਕਾਂ ਨੂੰ ਸਨਮਾਨ–ਚਿੰਨ੍ਹ ਅਤੇ ਸ਼ਾਲ ਭੇਂਟ ਕੀਤੇ ਗਏ।
ਮੁਕਾਬਲੇ ਵਿੱਚ ਤਨੁਜ (ਸੋਹਨ ਲਾਲ ਡੀਏਵੀ ਸੀਨੀਅਰ ਸੈਕੰਡਰੀ ਸਕੂਲ) ਪਹਿਲੇ, ਈਸ਼ਵਿੰਦਰ ਕੌਰ ਦੂਜੇ ਅਤੇ ਗੁਰਕੀਰਤ ਸਿੰਘ (ਜੈਨ ਸੀਨੀਅਰ ਸੈਕੰਡਰੀ ਸਕੂਲ) ਤੀਜੇ ਸਥਾਨ ’ਤੇ ਰਹੇ। ਸਾਰੇ ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ 500–500 ਰੁਪਏ ਨਗਦ ਇਨਾਮ ਪ੍ਰਦਾਨ ਹੋਏ ਕੀਤੇ ਗਏ। ਸਾਰੇ ਭਾਗੀਦਾਰਾਂ ਨੂੰ ਵੀ ਪ੍ਰਮਾਣ ਪੱਤਰ ਤੇ 200-200 ਰੁਪਏ ਭੇਟ ਕੀਤੇ ਗਏ।ਵਿਦਿਆਰਥੀਆਂ ਦੇ ਚਿਹਰਿਆਂ ’ਤੇ ਰੂਹਾਨੀ ਖ਼ੁਸ਼ੀ ਅਤੇ ਉਤਸ਼ਾਹ ਦੀ ਚਮਕ ਸਪਸ਼ਟ ਦਿਖਾਈ ਦੇ ਰਹੀ ਸੀ।
ਤਸਵੀਰਾਂ: ਐਸ.ਪੀ ਭਾਟੀਆ
