District Administration organized Hind Ki Chadar Light and Sound Show dedicated to the 350th Martyrdom Day of Shri Guru Tegh Bahadur Ji

ਬੀਪੀ ਬਿਊਰੋ
ਅੰਬਾਲਾ, 21 ਨਵੰਬਰ

ਤਾਲਗੁਰੂ ਪ੍ਰੋਡਕਸ਼ਨਜ਼ ਮੋਹਾਲੀ ਵੱਲੋਂ ਤਲਵਿੰਦਰ ਸਿੰਘ ਦੀ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਆਦਰਸ਼ਾਂ ਅਤੇ ਅਮਰ ਵਿਰਾਸਤ ‘ਤੇ ਆਧਾਰਿਤ ਹਿੰਦ ਦੀ ਚਾਦਰ ਲਾਈਟ ਐਂਡ ਸਾਊਂਡ ਸ਼ੋਅ ਵੀਰਵਾਰ ਦੇਰ ਸ਼ਾਮ ਅੰਬਾਲਾ ਛਾਉਣੀ ਦੇ ਐਸਡੀ ਕਾਲਜ ਵਿਖੇ ਆਯੋਜਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਐਸਡੀਐਮ ਅੰਬਾਲਾ ਛਾਉਣੀ ਵਿਨੇਸ਼ ਕੁਮਾਰ, ਈਓ ਦਵਿੰਦਰ ਨਰਵਾਲ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਉਪ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ, ਬੀ.ਐਸ. ਬਿੰਦਰਾ, ਟੀ.ਪੀ. ਸਿੰਘ, ਸਾਬਕਾ ਪ੍ਰਿੰਸੀਪਲ ਐਸ.ਡੀ ਕਾਲਜ ਡਾ. ਰਾਜਿੰਦਰ ਰਾਣਾ, ਪ੍ਰਿੰਸੀਪਲ ਡਾ. ਅੰਜੂ ਗੁਰ ਚੌਧਰੀ ਅਤੇ ਹੋਰ ਪਤਵੰਤੇ ਮੌਜੂਦ ਸਨ।

22 ਕਲਾਕਾਰਾਂ ਨੇ ਵੱਖ ਵੱਖ ਭੂਮਿਕਾਵਾਂ ਨਿਭਾਉਂਦਿਆਂ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੀ ਸ਼ਹਾਦਤ ਤੱਕ ਦੇ ਜੀਵਨ, ਤਤਕਾਲੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਨਾਲ ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਪੈਰੋਕਾਰਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਨੂੰ ਦਿੱਤੇ ਗਏ ਤਸੀਹਿਆਂ ਦੇ ਦ੍ਰਿਸ਼ ਪੇਸ਼ ਕੀਤੇ ਗਏ।ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਇੱਕ ਮਹਾਨ ਪੁਰਸ਼ ਵਜੋਂ ਦਰਸਾਇਆ ਗਿਆ ਹੈ ਜਿਨ੍ਹਾਂ ਨੇ ਮਨੁੱਖਤਾ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸ ਸ਼ੋਅ ਰਾਹੀਂ ਮੱਖਣ ਸ਼ਾਹ ਲੁਬਾਣਾ ਦੇ ਬੇੜੇ ਦਾ ਤੂਫ਼ਾਨ ਵਿਚ ਘਿਰਨਾ, ਉਸ ਦੀ ਅਰਦਾਸ ਅਤੇ ਉਸ ਦਾ ਬਾਬਾ ਬਕਾਲਾ ਪਹੁੰਚ ਕੇ ਗੁਰੂ ਬਣੇ ਬੈਠੇ 22 ਪਖੰਡੀਆਂ ਦਾ ਪਾਜ ਉਘਾੜ ਕੇ ਗੁਰੂ ਤੇਗ ਬਹਾਦਰ ਜੀ ਦੇ ਲੱਭੇ ਜਾਣ ਦਾ ਐਲਾਨ ਕਰਨਾ, ਸੋਨੀਪਤ ਦੇ ਬਡਖਾਲਸਾ ਪਿੰਡ ਵਿਚ ਖੁਸ਼ਾਲ ਸਿੰਘ ਦਹੀਆ ਦਾ ਆਪਣਾ ਸਿਰ ਵੱਢ ਕੇ ਮੁਗ਼ਲ ਸਿਪਾਹੀਆਂ ਨੂੰ ਦਿਵਾਉਣਾ, ਲੱਖੀ ਸ਼ਾਹ ਵਣਜਾਰਾ ਵੱਲੋਂ ਗੁਰੂ ਜੀ ਦੀ ਦੇਹ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਦੇ ਹਵਾਲੇ ਕਰ ਦੇਣਾ ਅਤੇ ਵਿਸ਼ੇਸ਼ ਕਰਕੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਤਸੀਹਿਆਂ ਦੇ ਰੂਹ ਨੂੰ ਕੰਬਾ ਦੇਣ ਵਾਲੇ ਦ੍ਰਿਸ਼ ਸ਼ਰਧਾਲੂਆਂ ਨੂੰ ਹਲੂਣ ਕੇ ਰੱਖ ਦਿੰਦੇ ਹਨ।
ਇਸ ਸ਼ੋਅ ਰਾਹੀਂ ਗੁਰੂ ਤੇਗ਼ ਬਹਾਦਰ ਜੀ ਦੀ ਬਹਾਦਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਕੀਤੀ ਨਿਰਸਵਾਰਥ ਕੁਰਬਾਨੀ ਦਾ ਸੰਦੇਸ਼ ਜਨਤਾ ਤੱਕ ਪਹੁੰਚਾਉਣ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਅਫ਼ਸੋਸ ਕਿ ਪ੍ਰਚਾਰ ਦੀ ਘਾਟ ਕਰਕੇ ਬਹੁਤ ਸਾਰੇ ਲੋਕ ਇਸ ਦਿਲ ਨੂੰ ਛੂਹ ਜਾਣ ਵਾਲੇ ਸ਼ੋਅ ਤੋਂ ਵਾਂਝੇ ਰਹਿ ਗਏ ਜਿਸ ਵੱਲ ਬੀ.ਐਸ.ਬਿੰਦਰਾ ਨੇ ਵੀ ਮੰਚ ਤੋਂ ਸੰਕੇਤ ਕੀਤਾ।
ਸ਼ੋਅ ਦੇ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਰਹੇ। ਗੁਰੂ ਜੀ ਨੇ ਰਾਸ਼ਟਰ ਦੀ ਰੱਖਿਆ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਦੀ ਕੁਰਬਾਨੀ ਦੇਸ਼ ਦੀ ਪਛਾਣ ਅਤੇ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੀ ਜਾਨ ਕੁਰਬਾਨ ਕੀਤੀ, ਤਾਂ ਇਹ ਸਿਰਫ਼ ਆਪਣੇ ਲਈ ਨਹੀਂ, ਸਗੋਂ ਸਾਰੀ ਮਨੁੱਖਤਾ ਦੇ ਧਰਮ ਦੀ ਰੱਖਿਆ ਲਈ ਸੀ। ਉਨ੍ਹਾਂ ਦਾ ਸੰਦੇਸ਼ ਨਿਡਰ, ਡਰ ਤੋਂ ਮੁਕਤ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦਾ ਸੀ;
ਧਿਆਨ ਦੇਣ ਯੋਗ ਹੈ ਕਿ ਰਾਜ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਇਕ ਨਵੰਬਰ ਤੋਂ ਹਰਿਆਣਾ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਹੈ। ਮੁੱਖ ਰਾਜ ਪੱਧਰੀ ਸਮਾਗਮ 25 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਹੋਣਾ ਹੈ।
ਇਸ ਮੌਕੇ ‘ਤੇ ਸਿੱਖ ਆਗੂਆਂ ਨੇ ਲਾਈਟ ਐਂਡ ਸਾਊਂਡ ਸ਼ੋਅ ਦੇ ਮੁੱਖ ਕਲਾਕਾਰ ਤਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਲਗਭਗ 20 ਕਲਾਕਾਰਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ। ਤਲਵਿੰਦਰ ਸਿੰਘ ਨੇ ਧੰਨਵਾਦ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਲਾਈਟ ਐਂਡ ਸਾਊਂਡ ਸ਼ੋਅ 22 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਵੀ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੋਅ ਵਿਚ ਛੋਟੇ ਲੜਕੇ ਦਾ ਕਿਰਦਾਰ ਇਕ ਲੜਕੀ ਨੇ ਨਿਭਾਇਆ ਹੈ।

ਇਸ ਮੌਕੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸੀਈਓ ਗਗਨਦੀਪ, ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਸ਼ਾਹਪੁਰ, ਬੀ.ਐਸ. ਬਿੰਦਰਾ, ਸੁਦਰਸ਼ਨ ਸਿੰਘ ਸਹਿਗਲ, ਸ਼ਿਆਮ ਰਾਣਾ, ਅਜੇ ਬਾਵੇਜਾ, ਟੀ.ਪੀ. ਸਿੰਘ, ਡਾ. ਰਤਨ ਸਿੰਘ ਢਿੱਲੋਂ, ਜਸਦੀਪ ਸਿੰਘ ਬੇਦੀ, ਆਰਤੀ ਸਹਿਗਲ ਸਮੇਤ ਸਿੱਖ ਸੰਗਤ ਦੇ ਹੋਰ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *