6 ਫ਼ਿਲਮਾਂ ਨੂੰ 9.5 ਕਰੋੜ ਸਬਸਿਡੀ ਦੇਣ ਤੇ ਹਰਿਆਣਾ ਆਰਟਿਸਟ ਫੋਰਮ ਨੇ ਮੁੱਖ ਮੰਤਰੀ ਦੀ ਕੀਤੀ ਸਰਾਹਨਾ
ਅੰਬਾਲਾ, 21 ਮਈ (ਬੀਪੀ ਬਿਊਰੋ)
ਹਰਿਆਣਾ ਆਰਟਿਸਟਸ ਫੋਰਮ ਵੱਲੋਂ ਸੀਨੀਅਰ ਥੀਏਟਰ ਕਲਾਕਾਰ ਜਸਦੀਪ ਬੇਦੀ ਨੇ ਹਰਿਆਣਾ ਵਿਚ ਬਣੀਆਂ 6 ਫ਼ਿਲਮਾਂ ਨੂੰ 9.5 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਕਰਨ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਾਹਨਾ ਕਰਦਿਆਂ ਧੰਨਵਾਦ ਕੀਤਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਬੇਦੀ ਨੇ ਕਿਹਾ ਕਿ ਹਰਿਆਣਾ ਫ਼ਿਲਮ ਨੀਤੀ ਦੇ ਜਲਦੀ ਹੀ ਸਕਾਰਾਤਮਿਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਚੰਗਾ ਵਿਚਾਰ ਹੈ ਕਿ ਜੇ ਚੰਗੀਆਂ ਫ਼ਿਲਮਾਂ ਬਣਨਗੀਆਂ ਤਾਂ ਇਹ ਮਨੋਰੰਜਨ ਹੀ ਨਹੀਂ ਕਰਨਗੀਆਂ ਸਗੋਂ ਦੇਸ਼ ਅਤੇ ਸੂਬੇ ਦੇ ਸਭਿਆਚਾਰ ਨੂੰ ਵੀ ਉਤਸ਼ਾਹਿਤ ਕਰਨਗੀਆਂ, ਸਮਾਜ ਦੀ ਸੋਚ ਨੂੰ ਜਗਾਉਣਗੀਆਂ ਅਤੇ ਲੋਕਾਂ ‘ਤੇ ਸਕਾਰਾਤਮਿਕ ਪ੍ਰਭਾਵ ਵੀ ਪਾਉਣਗੀਆਂ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਸਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਚੰਗੀਆਂ ਫ਼ਿਲਮਾਂ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਰਕਾਰ ਨੇ ‘ਹਰਿਆਣਾ ਫ਼ਿਲਮ ਨੀਤੀ’ ਤਿਆਰ ਕੀਤੀ ਹੈ ਜਿਸ ਦੇ ਤਹਿਤ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਹੋਏ ਇੱਕ ਸਮਾਗਮ ਵਿੱਚ ਹਰਿਆਣਾ ਦੀ ਧਰਤੀ ‘ਤੇ ਬਣੀਆਂ 6 ਫ਼ਿਲਮਾਂ ਨੂੰ ਸਬਸਿਡੀ ਵਜੋਂ 9.50 ਕਰੋੜ ਰੁਪਏ ਦਿੱਤੇ ਗਏ ਹਨ। ਇਸ ਮੌਕੇ ‘ਤੇ ਹਰਿਆਣਾ ਫ਼ਿਲਮ ਨੀਤੀ ਦੀ ਗਵਰਨਿੰਗ ਕੌਂਸਲ ਦੀ ਚੇਅਰਪਰਸਨ ਸ਼੍ਰੀਮਤੀ ਮੀਤਾ ਵਸ਼ਿਸ਼ਟ, ਫ਼ਿਲਮ ਉਦਯੋਗ ਨਾਲ ਜੁੜੇ ਵੱਖ-ਵੱਖ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰ ਵੀ ਮੌਜੂਦ ਸਨ।
ਬੇਦੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਹਰਿਆਣਾ ਦੇ ਸੀਨੀਅਰ ਕਲਾਕਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਕਲਾ ਅਤੇ ਸਭਿਆਚਾਰ ਦੇ ਵਿਕਾਸ ਲਈ ਸਰਕਾਰ ਨੂੰ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕਲਾ ਭਵਨ ਬਣਾਉਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੋਵੇ। ਉਨ੍ਹਾਂ ਨੇ ਰਾਜ ਪੱਧਰ ‘ਤੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੀ ਆਪਣੀ ਮੰਗ ਨੂੰ ਵੀ ਦੁਹਰਾਇਆ ਅਤੇ ਕਿਹਾ ਕਿ 2013 ਤੋਂ ਪਹਿਲਾਂ ਹਰਿਆਣਾ ਵਿੱਚ ਰਾਜ ਪੱਧਰ ‘ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਪਰ ਪਿਛਲੇ 10-11 ਸਾਲਾਂ ਤੋਂ ਸਨਮਾਨਿਤ ਨਹੀਂ ਕੀਤਾ ਜਾ ਰਿਹਾ।
