ਢਕੌਲੀ ਰੇਲਵੇ ਫਾਟਕ ਹਾਦਸਾ ਮਾਮਲੇ ਵਿਚ ਲੋਕੋ ਪਾਇਲਟ ਅਤੇ ਕੋ-ਪਾਇਲਟ ਤੇ ਬਰਖ਼ਾਸਤਗੀ ਦੀ ਤਲਵਾਰ ਲਟਕੀ

ਅੰਬਾਲਾ, 16 ਮਈ (ਬੀਪੀ ਬਿਊਰੋ)
ਮੰਗਲਵਾਰ ਸ਼ਾਮ ਨੂੰ ਚੰਡੀਗੜ੍ਹ-ਅੰਬਾਲਾ ਰੇਲਵੇ ਰੂਟ ‘ਤੇ ਢਕੌਲੀ ਫਾਟਕ ਖੁੱਲ੍ਹਾ ਹੋਣ ਕਰਕੇ ਵਾਪਰੇ ਹਾਦਸੇ ਤੋਂ ਬਾਅਦ ਲੋਕੋ ਪਾਇਲਟ (ਮਾਲ) ਅਖਿਲੇਸ਼ ਕੁਮਾਰ ਅਤੇ ਸਹਾਇਕ ਲੋਕੋ ਪਾਇਲਟ ਮਨੋਜ ਕੁਮਾਰ ਤੇ ਬਰਖ਼ਾਸਤਗੀ ਦੀ ਤਲਵਾਰ ਲਟਕ ਗਈ ਹੈ। ਫ਼ਿਲਹਾਲ ਦੋਹਾਂ ਨੂੰ ਐਸ5 ਚਾਰਜਸ਼ੀਟ ਦਿੱਤੀ ਗਈ ਹੈ ਜੋ ਰੇਲਵੇ ਵੱਲੋਂ ਆਪਣੇ ਕਰਮਚਾਰੀਆਂ ਵਿਰੁੱਧ ਕੀਤੀ ਜਾਂਦੀ ਵੱਡੀ ਕਾਰਵਾਈ ਦੱਸੀ ਜਾਂਦੀ ਹੈ। ਜੇ ਦੋਹਾਂ ਨੂੰ ਬਰਖ਼ਾਸਤ ਕੀਤਾ ਜਾਂਦਾ ਹੈ ਤਾਂ ਉਹ ਰੇਲਵੇ ਨਾਲ ਸਬੰਧਿਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ ਹਾਲਾਂਕਿ ਕਾਰਵਾਈ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ।
ਇਹ ਮਾਮਲਾ ਉੱਤਰੀ ਰੇਲਵੇ ਦੇ ਮੁੱਖ ਦਫ਼ਤਰ ਬੜੌਦਾ ਹਾਊਸ, ਨਵੀਂ ਦਿੱਲੀ ਵੀ ਪਹੁੰਚ ਗਿਆ। ਉੱਥੋਂ ਆਈ ਵਿਭਾਗੀ ਟੀਮ ਨੇ ਹਾਦਸੇ ਵਾਲੀ ਥਾਂ ਦਾ ਸੀਨ ਕ੍ਰੀਏਟ ਕੀਤਾ ਹੈ। ਇਸ ਲਈ ਖ਼ਾਲੀ ਇੰਜਨ ਇਹ ਦੇਖਣ ਲਈ ਚਲਾਇਆ ਗਿਆ ਕਿ ਗੇਟ ਖੁੱਲ੍ਹਣ ਤੋਂ ਬਾਅਦ ਪਹਿਲੇ ਸਿਗਨਲ ਦਾ ਰੰਗ ਕੀ ਸੀ ਅਤੇ ਹਾਦਸੇ ਦੇ ਸਮੇਂ ਕੀ ਸੀ। ਟੀਮ ਨੇ ਗੇਟ ਮੈਨ ਸਮੇਤ ਚਸ਼ਮਦੀਦਾਂ ਦੇ ਬਿਆਨ ਵੀ ਦਰਜ ਕੀਤੇ ਹਨ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੀਮ ਰਿਪੋਰਟ ਤਿਆਰ ਕਰਕੇ ਲੈ ਗਈ ਹੈ ਜੋ ਕਾਰਵਾਈ ਲਈ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਨੂੰ ਸੌਂਪੀ ਜਾਵੇਗੀ।
ਰੇਲਵੇ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਇੱਕ ਮਾਲ ਗੱਡੀ ਦਾ ਖ਼ਾਲੀ ਇੰਜਨ ਚੰਡੀਗੜ੍ਹ ਤੋਂ ਅੰਬਾਲਾ ਵੱਲ ਆ ਰਿਹਾ ਸੀ। ਉਸ ਨੂੰ ਉਦੋਂ ਹੀ ਚਲਾਇਆ ਗਿਆ ਸੀ ਜਦੋਂ ਉਸ ਤੋਂ ਪਹਿਲਾਂ ਤੋਰੀ ਗਈ ਗੱਡੀ ਘੱਗਰ ਪਹੁੰਚ ਗਈ ਸੀ। ਗੱਡੀ ਨੇ ਜਦੋਂ ਢਕੋਲੀ ਫਾਟਕ ਪਾਰ ਕਰ ਲਿਆ ਤਾਂ ਗੇਟ ਮੈਨ ਨੇ ਟਰੈਫ਼ਿਕ ਲੰਘਾਉਣ ਲਈ ਫਾਟਕ ਖੋਲ੍ਹ ਦਿੱਤਾ। ਇਸ ਦੌਰਾਨ ਮਾਲ ਗੱਡੀ ਦਾ ਇੰਜਨ ਲਗਭਗ 70 ਤੋਂ 80 ਕਿੱਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਿਹਾ ਸੀ। ਜਦੋਂ ਤੱਕ ਡਰਾਈਵਰ ਨੇ ਲਾਲ ਸਿਗਨਲ ਦੇਖਿਆ, ਬਹੁਤ ਦੇਰ ਹੋ ਚੁੱਕੀ ਸੀ। ਜੇ ਡਰਾਈਵਰ ਇੰਜਨ ਨੂੰ ਐਮਰਜੈਂਸੀ ਬਰੇਕ ਲਾਉਂਦਾ ਤਾਂ ਹਾਦਸਾ ਬਹੁਤ ਭਿਆਨਕ ਹੋ ਸਕਦਾ ਸੀ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਸਕਦੀ ਸੀ। ਇਸ ਹਾਦਸੇ ਵਿਚ ਇੰਜਨ ਫਾਟਕ ਪਾਰ ਕਰ ਰਹੀ ਵੈਗਨਆਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ।
ਇਸ ਮਾਮਲੇ ਵਿਚ ਅੰਬਾਲਾ ਡਿਵੀਜ਼ਨ ਦੇ ਮੈਨੇਜਰ ( ਡੀਆਰਐਮ) ਵਿਨੋਦ ਭਾਟੀਆ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦਿੱਲੀ ਦੀ ਵਿਸ਼ੇਸ਼ ਟੀਮ ਨੇ ਵੀ ਡਾਟਾ ਇਕੱਠਾ ਕੀਤਾ ਹੈ। ਇਸ ਸਬੰਧ ਵਿੱਚ ਅੱਗੇ ਦਾ ਫ਼ੈਸਲਾ ਸਿਰਫ਼ ਰਿਪੋਰਟ ਦੇ ਆਧਾਰ ‘ਤੇ ਹੀ ਲਿਆ ਜਾਵੇਗਾ ਹਾਲਾਂਕਿ ਇਹ ਇੱਕ ਵੱਡੀ ਲਾਪਰਵਾਹੀ ਹੈ।

Leave a Reply

Your email address will not be published. Required fields are marked *