ਹਿੰਦੂ ਸੰਗਠਨਾਂ ਨੇ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ
ਅੰਬਾਲਾ, 16 ਮਈ (ਬੀਪੀ ਬਿਊਰੋ)
ਅੰਬਾਲਾ ਸ਼ਹਿਰ ਦੇ ਬਾਲ ਭਵਨ ਸਾਹਮਣੇ ਬਣੀ ਪੀਰ ਦੀ ਮਜ਼ਾਰ ਹਟਾਉਣ ਦਾ ਮਾਮਲਾ ਇਕ ਵੇਰ ਫਿਰ ਭਖ ਗਿਆ ਹੈ।ਸ਼ੁੱਕਰਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਸੰਗਠਨਾਂ ਨੇ ਐਡਵੋਕੇਟ ਸੰਦੀਪ ਸਚਦੇਵਾ ਦੀ ਅਗਵਾਈ ਵਿਚ ਐਸਡੀਐਮ ਦਰਸ਼ਨ ਕੁਮਾਰ ਨੂੰ ਮੰਗ ਪੱਤਰ ਦੇ ਕੇ ਮਜ਼ਾਰ ਦੀ ਗੈਰ-ਕਾਨੂੰਨੀ ਉਸਾਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਐਸਡੀਐਮ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆ ਐਡਵੋਕੇਟ ਸੰਦੀਪ ਸਚਦੇਵਾ ਨੇ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਪੰਚਾਇਤ ਭਵਨ ਦੇ ਸਾਹਮਣੇ ਬਣੀ ਗੈਰ-ਕਾਨੂੰਨੀ ਪੀਰ ਦੀ ਮਜ਼ਾਰ ਦੇ ਇੱਕ ਹਿੱਸੇ ਨੂੰ ਹਟਾ ਚੁੱਕਾ ਹੈ ਜਦੋਂ ਕਿ ਦੂਜੇ ਹਿੱਸੇ ਲਈ ਇਸ ਸਥਾਨ ਨਾਲ ਸਬੰਧਿਤ ਲੋਕਾਂ ਨੇ ਦਰਬਾਰ ਦਾ ਹਵਾਲਾ ਦਿੱਤਾ ਸੀ ਅਤੇ ਮਾਮਲਾ ਅਦਾਲਤ ਵਿਚ ਦੱਸਿਆ ਸੀ। ਪ੍ਰਸ਼ਾਸਨ ਅੱਗੇ ਅੜਚਣ ਆ ਰਹੀ ਸੀ। ਸਚਦੇਵਾ ਨੇ ਕਿਹਾ ਕਿ ਕਿਉਂ ਕਿ ਹੁਣ ਕਥਿਤ ਝੂਠਾ ਦਾਅਵਾ ਅਦਾਲਤ ਵਿੱਚ ਖ਼ਾਰਜ ਹੋ ਗਿਆ ਹੈ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਗੈਰ ਕਾਨੂੰਨੀ ਨਿਰਮਾਣ ਨੂੰ ਜਲਦੀ ਹਟਾ ਦੇਵੇ। ਉਨ੍ਹਾਂ ਕਿਹਾ ਕਿ ਫਿਲਹਾਲ ਪੀਰ ਦੇ ਅੱਗੇ-ਪਿੱਛੇ ਜੋ ਗੈਰ ਕਾਨੂੰਨੀ ਕੰਧਾਂ ਕੀਤੀਆਂ ਹੋਈਆਂ ਹਨ, ਉਨ੍ਹਾਂ ਨੂੰ ਹਟਵਾਵਾਂਗੇ। ਉਨ੍ਹਾਂ ਦੱਸਿਆ ਕਿ ਮਾਲ ਮਹਿਕਮੇ ਦੇ ਰਿਕਾਰਡ ਵਿਚ 50 ਗਜ਼ ਜਗ੍ਹਾ ਪੀਰ ਦੇ ਨਾਂ ਹੋ ਗਈ ਹੈ ਇਸ ਨੂੰ ਵੀ ਠੀਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਥਾਨ ਤੋਂ ਇਲਾਵਾ ਸੰਗਠਨ ਜਲਦੀ ਹੀ ਸ਼ਹਿਰ ਵਿੱਚ ਬਣੇ ਸਾਰੇ ਗੈਰ-ਕਾਨੂੰਨੀ ਧਾਰਮਿਕ ਸਥਾਨਾਂ ਵਿਰੁੱਧ ਕਾਰਵਾਈ ਕਰਨ ਲਈ ਰਣਨੀਤੀ ਤਿਆਰ ਕਰੇਗਾ।
