ਗੋਲਡਨ ਐਰੋਜ਼’ ਸਕਵਾਡਰਨ ਨਾਲ ਹਵਾਈ ਸ਼ਕਤੀ ਦੇ ਸ਼ਾਨਦਾਰ ਅਧਿਆਇ ਦਾ ਅਨੁਭਵ ਕਿਹਾ: “ਇਹ ਮੇਰੇ ਜੀਵਨ ਦਾ ਨਾ ਭੁੱਲਣ ਯੋਗ ਪਲ ਹੈ”
ਅੰਬਾਲਾ ਸ਼ਹਿਰ, 29 ਅਕਤੂਬਰ
ਬੀਪੀ ਨਿਊਜ਼ ਵਿਸ਼ੇਸ਼ ਪ੍ਰਤੀਨਿਧੀ ਐਸ.ਪੀ. ਭਾਟੀਆ

ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿਚ ਅੱਜ ਦਾ ਦਿਨ ਉਸ ਸਮੇਂ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਿਆ ਜਦੋਂ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਫਰਾਂਸ ‘ਚ ਤਿਆਰ ਰਾਫੇਲ ਲੜਾਕੂ ਜਹਾਜ਼ ਵਿਚ ਉਡਾਣ ਭਰੀ। ਇਹ ਸਿਰਫ਼ ਇੱਕ ਉਡਾਣ ਨਹੀਂ ਸੀ ਬਲਕਿ ਭਾਰਤੀ ਨਾਰੀ ਸ਼ਕਤੀ ਦੇ ਉਸ ਅਟੱਲ ਵਿਸ਼ਵਾਸ ਦੀ ਪ੍ਰਤੀਕ ਸੀ ਜਿਸ ਨੇ ਸੀਮਾਵਾਂ ਤੇ ਅਸਮਾਨ ਦੋਵਾਂ ਨੂੰ ਚੁਨੌਤੀ ਦਿੱਤੀ ਹੈ। ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਮਾਣਯੋਗ ਰਾਸ਼ਟਰਪਤੀ ਨੇ ਫਲਾਈਟ ਸੂਟ ਪਹਿਨਿਆ ਅਤੇ ਆਪਣਾ ਹੱਥ ਹਿਲਾਇਆ। ਉਨ੍ਹਾਂ ਨੇ ਹਵਾਈ ਸੈਨਾ ਅਧਿਕਾਰੀਆਂ ਨਾਲ ਰਾਫੇਲ ਦੀ ਬਣਤਰ, ਗਤੀਸ਼ੀਲਤਾ, ਕੰਟਰੋਲ ਪ੍ਰਣਾਲੀ ਅਤੇ ਯੁੱਧ ਸਮਰੱਥਾ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ।
ਰਾਸ਼ਟਰਪਤੀ ਮੁਰਮੂ ਬੁੱਧਵਾਰ ਸਵੇਰੇ 9:15 ਵਜੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਅੰਬਾਲਾ ਏਅਰ ਫੋਰਸ ਸਟੇਸ਼ਨ ਪਹੁੰਚੇ। ਇੱਥੇ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ। ਰਾਸ਼ਟਰਪਤੀ ਨੇ ਸੈਨਿਕਾਂ ਨਾਲ ਮੁਲਾਕਾਤ ਕੀਤੀ ਅਤੇ ਏਅਰ ਫੋਰਸ ਸਟੇਸ਼ਨ ‘ਤੇ ਯੂਨਿਟਾਂ ਦਾ ਨਿਰੀਖਣ ਵੀ ਕੀਤਾ। ਇੱਥੇ ਰਾਸ਼ਟਰਪਤੀ ਨੇ ਉਸ ਮਹਿਲਾ ਪਾਇਲਟ ਸ਼ਿਵਾਂਗੀ ਸਿੰਘ ਨਾਲ ਤਸਵੀਰ ਵੀ ਖਿਚਾਈ ਜਿਸ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੇ ਫੜਨ ਦਾ ਝੂਠਾ ਦਾਅਵਾ ਕੀਤਾ ਸੀ।
ਇਹ ਉਡਾਣ ਗਰੁੱਪ ਕੈਪਟਨ ਅਮਿਤ ਗੇਹਾਨੀ ਦੀ ਕਮਾਂਡ ਹੇਠ ਹੋਈ ਜੋ ‘ਗੋਲਡਨ ਐਰੋਜ਼’ ਸਕਵਾਡਰਨ (ਨੰਬਰ 17 ਸਕਵਾਡਰਨ) ਦੇ ਕਮਾਂਡਿੰਗ ਅਫਸਰ ਹਨ। ਉਨ੍ਹਾਂ ਦੀ ਸਹਾਇਤਾ ਨਾਲ ਇਹ ਇਤਿਹਾਸਕ ਪਲ ਹੋਰ ਵੀ ਗੌਰਵਮਈ ਬਣ ਗਿਆ। ਇਸ ਦੇ ਨਾਲ ਹੀ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਵੀ ਇਕ ਹੋਰ ਰਾਫੇਲ ਜਹਾਜ਼ ‘ਚ ਬਰਾਬਰ ਦੀ ਉਡਾਣ ਵਿਚ ਸ਼ਾਮਲ ਰਹੇ। ਰਾਸ਼ਟਰਪਤੀ ਦੇ ਰਾਫੇਲ ਨੇ 11.14 ਵਜੇ ਉਡਾਣ ਭਰੀ। ਜਾਣਕਾਰੀ ਅਨੁਸਾਰ ਇਹ 30 ਮਿੰਟ ਦੀ ਉਡਾਣ ਰਾਸ਼ਟਰਪਤੀ ਨੂੰ ਰਾਫੇਲ ਦੀਆਂ ਉੱਨਤ ਸਮਰੱਥਾਵਾਂ ਦਾ ਸਿੱਧਾ ਅਨੁਭਵ ਦੇਣ ਲਈ ਆਯੋਜਿਤ ਕੀਤੀ ਗਈ ਸੀ। ਇਹ ਉਡਾਣ ਸਮੁੰਦਰ ਤਲ ਤੋਂ 15,000 ਫੁੱਟ ਦੀ ਉਚਾਈ ‘ਤੇ ਅਤੇ 700 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਪੂਰੀ ਹੋਈ। ਰਾਸ਼ਟਰਪਤੀ ਨੇ ਲਗਭਗ 200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ ਰਾਫੇਲ ਦੀ ਤਕਨੀਕੀ ਕੁਸ਼ਲਤਾ ਅਤੇ ਹਵਾਈ ਸੈਨਾ ਦੀ ਤਿਆਰੀ ਦਾ ਸਿੱਧਾ ਅਨੁਭਵ ਕੀਤਾ। ਉਡਾਣ ਤੋਂ ਬਾਅਦ ਉਨ੍ਹਾਂ ਨੇ ਏਅਰਬੇਸ ਦੀ ਗੈਸਟ ਬੁੱਕ ਵਿਚ ਲਿਖਿਆ—“ਰਾਫੇਲ ‘ਚ ਉਡਾਣ ਮੇਰੇ ਲਈ ਇਕ ਨਾ ਭੁੱਲਣ ਯੋਗ ਅਨੁਭਵ ਹੈ। ਇਸ ਨੇ ਮੇਰੇ ਅੰਦਰ ਭਾਰਤੀ ਹਵਾਈ ਸੈਨਾ ਤੇ ਦੇਸ਼ ਦੀ ਰੱਖਿਆ ਸਮਰੱਥਾ ਲਈ ਨਵਾਂ ਮਾਣ ਭਰ ਦਿੱਤਾ ਹੈ। ਮੈਂ ਅੰਬਾਲਾ ਸਟੇਸ਼ਨ ਦੀ ਪੂਰੀ ਟੀਮ ਨੂੰ ਦਿਲੋਂ ਵਧਾਈ ਦਿੰਦੀ ਹਾਂ।”
ਰਾਸ਼ਟਰਪਤੀ ਦੇ ਦੌਰੇ ਦੌਰਾਨ ਅੰਬਾਲਾ ਏਅਰਬੇਸ ਅਤੇ ਆਸਪਾਸ ਦੇ ਇਲਾਕੇ ਵਿਚ ਕਰੜੀ ਸੁਰੱਖਿਆ ਰੱਖੀ ਗਈ।ਡਰੋਨ ਉਡਾਉਣ ‘ਤੇ ਪਾਬੰਦੀ ਲਾਈ ਗਈ। ਕਿਸੇ ਨੂੰ ਵੀ ਏਅਰ ਫੋਰਸ ਸਟੇਸ਼ਨ ਦੇ ਅੰਦਰ ਮੋਬਾਈਲ ਫੋਨ ਲੈ ਕੇ ਜਾਣ ਦੀ ਆਗਿਆ ਨਹੀਂ ਸੀ। ਸਿਰਫ਼ ਅਧਿਕਾਰਤ ਕਰਮਚਾਰੀਆਂ ਨੂੰ ਹੀ ਹਵਾਈ ਸੈਨਾ ਸਟੇਸ਼ਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਸੀ।
ਮੁਰਮੂ ਨੇ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਸਾਹਸ ਤੇ ਸਮਰਪਣ ਦੀ ਖ਼ੂਬ ਪ੍ਰਸ਼ੰਸਾ ਕੀਤੀ। ਯਾਦ ਰਹੇ ਕਿ ਅੰਬਾਲਾ ਏਅਰਬੇਸ ਭਾਰਤ ਦਾ ਉਹ ਸਥਾਨ ਹੈ ਜਿੱਥੇ 27 ਜੁਲਾਈ 2020 ਨੂੰ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਪਹੁੰਚੀ ਸੀ। ਇਹ ਜਹਾਜ਼ 10 ਸਤੰਬਰ 2020 ਨੂੰ ਭਾਰਤੀ ਹਵਾਈ ਸੈਨਾ ਦੀ 17ਵੀਂ ਸਕਵਾਡਰਨ “ਗੋਲਡਨ ਐਰੋਜ਼” ‘ਚ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਨੇ ਭਾਰਤ ਦੀ ਹਵਾਈ ਰੱਖਿਆ ਨੂੰ ਇਕ ਨਵੀਂ ਦਿਸ਼ਾ ਦਿੱਤੀ ਤੇ ਸੰਸਾਰ ਪੱਧਰ ‘ਤੇ ਇਸ ਦੀ ਸੈਨਿਕ ਸਾਖ਼ ਹੋਰ ਮਜ਼ਬੂਤ ਕੀਤੀ। ਰਾਸ਼ਟਰਪਤੀ ਮੁਰਮੂ ਪਹਿਲਾਂ 2023 ‘ਚ ਸੁਖੋਈ-30 ਐਮਕੇਆਈ ‘ਚ ਉਡਾਣ ਭਰ ਚੁੱਕੇ ਹਨ। ਹੁਣ ਉਹ ਦੇਸ਼ ਦੀ ਪਹਿਲੀ ਅਜਿਹੀ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਨੇ ਦੋ ਵੱਖ-ਵੱਖ ਲੜਾਕੂ ਜਹਾਜ਼ਾਂ ‘ਚ ਉਡਾਣ ਦਾ ਤਜਰਬਾ ਕੀਤਾ ਹੈ। ਇਹ ਨਾਰੀ ਸ਼ਕਤੀ ਦੇ ਉਸ ਉੱਚ ਆਤਮਵਿਸ਼ਵਾਸ ਦੀ ਪ੍ਰਤੀਕ ਹੈ ਜੋ ਧਰਤੀ ਨਹੀਂ, ਸਿੱਧਾ ਅਸਮਾਨ ਨੂੰ ਛੂੰਹਦਾ ਹੈ। ਅੱਜ ਅੰਬਾਲਾ ਦਾ ਅਸਮਾਨ ਸਿਰਫ਼ ਜੈੱਟ ਦੀ ਗਰਜ ਨਾਲ ਨਹੀਂ ਸਗੋਂ ਰਾਸ਼ਟਰੀ ਮਾਣ ਦੀ ਧੁਨ ਨਾਲ ਗੂੰਜ ਉੱਠਿਆ ਜਦੋਂ ਭਾਰਤ ਦੀ ਪਹਿਲੀ ਨਾਗਰਿਕ ਨੇ ਉਹ ਪੰਖ ਛੂਹੇ ਜੋ ਦੇਸ਼ ਦੀ ਰੱਖਿਆ ਲਈ ਹਰ ਪਲ ਤਤਪਰ ਰਹਿੰਦੇ ਹਨ।
