Arrested by Ambala SIT from Delhi airport gangster Lakhwinder alias Lakha on 8 day police remand

ਬੀਪੀ ਬਿਊਰੋ
ਅੰਬਾਲਾ, 26 ਅਕਤੂਬਰ

ਅੰਬਾਲਾ ਸਪੈਸ਼ਲ ਟਾਸਕ ਫੋਰਸ (STF) ਵੱਲੋਂ ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ‌ਗ੍ਰਿਫ਼ਤਾਰ ਕੀਤੇ ਗਏ ਕੈਥਲ ਦੇ ਤੀਤਰਾਮ ਪਿੰਡ ਦੇ ਰਹਿਣ ਵਾਲੇ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੇ ਸਾਥੀ ਲਖਵਿੰਦਰ ਉਰਫ਼ ਲੱਖਾ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਨੇ 8 ਦਿਨ ਦੇ ਰਿਮਾਂਡ ਤੇ ਲਿਆ ਹੈ। ਲਖਵਿੰਦਰ ‘ਤੇ 2023 ਵਿੱਚ ਮੌਜੂਦਾ ਅੰਬਾਲਾ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਮੱਖਣ ਸਿੰਘ ਲਬਾਣਾ ਦੇ ਘਰ ਗੋਲੀਬਾਰੀ ਅਤੇ ਜਬਰੀ ਵਸੂਲੀ ਦਾ ਦੋਸ਼ ਲਾਇਆ ਗਿਆ ਸੀ। ਉਸ ‘ਤੇ ਯਮੁਨਾਨਗਰ, ਗੋਹਾਣਾ, ਰੋਹਤਕ ਅਤੇ ਕੈਥਲ ਵਿੱਚ ਵੀ ਪੰਜ ਅਜਿਹੇ ਹੀ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਦੋਸ਼ੀ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ 25 ਅਕਤੂਬਰ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ। ਅੰਬਾਲਾ ਸਪੈਸ਼ਲ ਟਾਸਕ ਫੋਰਸ (STF) ਨੇ ਉਸ ਨੂੰ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤਾ। ਐਤਵਾਰ ਨੂੰ STF ਨੇ ਉਸ ਨੂੰ ਅੰਬਾਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਕਸ਼ੈ ਅਰੋੜਾ ਦੀ ਅਦਾਲਤ ਨੰਬਰ 22 ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਅੱਠ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਦੋਸ਼ੀ 2022 ਵਿੱਚ ਡੌਂਕੀ ਰੂਟ ਰਾਹੀਂ ਪੁਰਤਗਾਲ ਤੋਂ ਅਮਰੀਕਾ ਗਿਆ ਸੀ। ਉਦੋਂ ਤੋਂ ਉਹ ਅਪਰਾਧਿਕ ਦੁਨੀਆ ਵਿੱਚ ਸਰਗਰਮ ਅਨਮੋਲ ਲਾਰੈਂਸ ਨਾਲ ਰਹਿ ਰਿਹਾ ਸੀ। 27 ਅਪ੍ਰੈਲ, 2023 ਦੇ ਅੰਬਾਲਾ ਗੋਲੀਬਾਰੀ ਮਾਮਲੇ ਵਿੱਚ, ਐਸਟੀਐਫ ਅੰਬਾਲਾ ਨੇ ਲਖਵਿੰਦਰ ਜੋ ਕਿ ਵਿਦੇਸ਼ ਵਿੱਚ ਸੀ, ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਲਖਵਿੰਦਰ ਦੇ ਅਪਰਾਧਿਕ ਰਿਕਾਰਡ ਨੂੰ ਦੇਖਦੇ ਹੋਏ ਇੰਟਰਪੋਲ ਨੇ 26 ਅਕਤੂਬਰ, 2024 ਨੂੰ ਉਸ ਦੇ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤਾ ਸੀ। ਅਮਰੀਕਾ ਵਿੱਚ ਐਫਬੀਆਈ ਨੇ ਇਸ ਆਧਾਰ ‘ਤੇ ਛੇ ਮਹੀਨੇ ਪਹਿਲਾਂ ਲਖਵਿੰਦਰ ਉਰਫ਼ ਲੱਖਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਸ ਨੂੰ ਭਾਰਤ ਲਿਆਉਣ ਲਈ ਕਾਗ਼ਜ਼ੀ ਕਾਰਵਾਈ ਜਾਰੀ ਸੀ।
ਹੋਰ ਜਾਣਕਾਰੀ ਦਿੰਦਿਆਂ ਸਿਟ ਦੇ ਇੰਚਾਰਜ ਪ੍ਰਤੀਕ ਸਿੰਘ ਨੇ ਦੱਸਿਆ ਕਿ ਕਿ ਲੱਖਾ ਅਮਰੀਕ ਤੋਂ ਡਿਪੋਰਟ ਹੋ ਕੇ ਕੱਲ੍ਹ ਦਿੱਲੀ ਏਅਰਪੋਰਟ ਪਹੁੰਚਿਆ ਸੀ ਜਿੱਥੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। 8 ਦਿਨ ਦੇ ਰਿਮਾਂਡ ਦੌਰਾਨ ਉਸ ਕੋਲੋਂ ਪੁੱਛਿਆ ਜਾਵੇਗਾ ਕਿ ਉਸ ਨੇ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਹੋਰ ਰਾਜਾਂ ਵਿਚ ਕਿਹੜੀਆਂ ਵਾਰਦਾਤਾਂ ਕੀਤੀਆਂ ਹਨ ਅਤੇ ਉਸ ਦੇ ਕਿਹੜੀ ਗੈਂਗ ਨਾਲ ਸਬੰਧ ਹਨ। ਉਸ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਦਾ ਵਿਦੇਸ਼ ਅਧਾਰਿਤ ਗੈਂਗ ਨਾਲ ਸਬੰਧ ਹੈ ਅਤੇ ਉੱਥੋਂ ਉਹ ਫਿਰੌਤੀਆਂ ਲਈ ਕਾਲ ਕਰਦੇ ਹਨ। ਰਿਮਾਂਡ ਦੌਰਾਨ ਉਸ ਕੋਲੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *