Rotary Club organized a lecture by ophthalmologist Dr. Arya on eye care

ਬੱਚਿਆਂ ਦੇ ਦਾਖ਼ਲੇ ਸਮੇਂ ਸਿਹਤ ਅਤੇ ਅੱਖਾਂ ਦੀ ਜਾਂਚ ਕੀਤੀ ਜਾਣੀ ਜ਼ਰੂਰੀ ਹੈ-ਡਾ. ਆਰੀਆ

ਬੀਪੀ ਪ੍ਰਤੀਨਿਧੀ ਗੁਰਦੇਵ ਸਿੰਘ ਦੇਵ
ਅੰਬਾਲਾ, 29 ਨਵੰਬਰ

ਰੋਟਰੀ ਕਲੱਬ ਅੰਬਾਲਾ ਇੰਡਸਟਰੀਅਲ ਏਰੀਆ ਵੱਲੋਂ ਅੱਜ ਮੁਸੱਦੀ ਲਾਲ ਆਰੀਆ ਸਕੂਲ ਅੰਬਾਲਾ ਛਾਉਣੀ ਵਿਖੇ ਰੋਟੇਰੀਅਨ, ਸਟਾਫ ਅਤੇ ਵਿਦਿਆਰਥੀਆਂ ਲਈ ਅੱਖਾਂ ਦੀ ਸਾਂਭ-ਸੰਭਾਲ ਬਾਰੇ ਸੇਵਾ ਮੁਕਤ ਸੀਐਮਓ ਨੇਤਰ ਰੋਗ ਮਾਹਿਰ ਅਤੇ ਸੰਜੀਵਨੀ ਆਈ ਕੇਅਰ ਐਂਡ ਹੈਲਥ ਸੈਂਟਰ ਅੰਬਾਲਾ ਸ਼ਹਿਰ ਦੇ ਮੈਨੇਜਿੰਗ ਡਾਇਰੈਕਟਰ ਡਾ. ਓ.ਪੀ.ਆਰੀਆ ਦਾ ਭਾਸ਼ਣ ਕਰਵਾਇਆ ਗਿਆ।
ਡਾ. ਆਰੀਆ ਦੇ ਸਕੂਲ ਪਹੁੰਚਣ ਤੇ ਕਲੱਬ ਦੇ ਪ੍ਰਧਾਨ ਡਾ. ਜੁਗਿੰਦਰ ਸਿੰਘ, ਪ੍ਰੋਜੈਕਟ ਇੰਚਾਰਜ ਡਾ. ਰਤਨ ਸਿੰਘ ਢਿੱਲੋਂ ਅਤੇ ਰੀਟਾ ਥਾਪਰ ਨੇ ਸਵਾਗਤ ਕੀਤਾ ਜਦੋਂ ਕਿ ਡਾ. ਵਿਜੈ ਚੋਪੜਾ ਨੇ ਡਾ. ਆਰੀਆ ਬਾਰੇ ਜਾਣਕਾਰੀ ਦਿੱਤੀ।
ਡਾ. ਓ.ਪੀ. ਆਰੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਦੀ ਨਜ਼ਰ ਸਬੰਧੀ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਕੂਲ ਵਿਚ ਦਾਖ਼ਲੇ ਸਮੇਂ ਉਨ੍ਹਾਂ ਦੀ ਸਿਹਤ ਅਤੇ ਵਿਸ਼ੇਸ਼ ਕਰਕੇ ਅੱਖਾਂ ਦੀ ਜਾਂਚ ਕੀਤੀ ਜਾਵੇ। ਡਾ. ਆਰੀਆ ਨੇ ਸਕੂਲ ਨੂੰ ਹਰ ਸੰਭਵ ਸਹਾਇਤਾ ਅਤੇ ਭਵਿੱਖ ਵਿੱਚ ਸਕੂਲ ਵਿੱਚ ਅੱਖਾਂ ਦੀ ਜਾਂਚ ਕੈਂਪ ਲਗਾਉਣ ਦੀ ਯੋਜਨਾ ਦਾ ਭਰੋਸਾ ਦਿੱਤਾ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਕਲਾਸ ਵਿਚ ਧਿਆਨ ਰੱਖਣ ਕਿ ਕਿਸ ਬੱਚੇ ਨੂੰ ਪੜ੍ਹਨ ਵਿਚ ਕੋਈ ਸਮੱਸਿਆ ਆ ਰਹੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਜੇ ਅੱਖਾਂ ਲਾਲ ਹੋਣ ਜਾਂ ਪਾਣੀ ਵਗਦਾ ਹੋਵੇ ਤਾਂ ਤੁਰੰਤ ਜਾਂਚ ਕਰਾਈ ਜਾਵੇ।
ਕਲੱਬ ਵੱਲੋਂ ਡਾ. ਆਰੀਆ ਦਾ ਸਨਮਾਨ ਕੀਤਾ ਗਿਆ ਅਤੇ ਪ੍ਰੋਗਰਾਮ ਲਈ ਸਕੂਲ ਪ੍ਰਿੰਸੀਪਲ ਸਰਿਤਾ ਅੱਧਲੱਖਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਡਾ. ਜੁਗਿੰਦਰ ਸਿੰਘ, ਪੀਪੀ ਸਤਪਾਲ ਗਰੋਵਰ, ਪੀਪੀ ਗੁਰਦੇਵ ਸਿੰਘ, ਸਕੱਤਰ ਅਜੈ ਸਿੰਘ ਰਾਠੌਰ, ਆਈ.ਪੀ.ਪੀ. ਦਲੀਪ ਮਹਿਤਾ, ਪੀਪੀ ਰਾਜ ਕੁਮਾਰ ਸ਼ਰਮਾ, ਅਨਿਲ ਸਹਿਗਲ, ਵਿਜੇ ਚੋਪੜਾ, ਚਾਂਦ ਚਾਵਲਾ, ਰੀਟਾ ਥਾਪਰ ਆਦਿ ਮੌਜੂਦ ਸਨ।
ਇਸ ਮੌਕੇ ਰੋਟਰੀ ਕਲੱਬ ਨੇ ਇੱਕ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਜਿਸ ਵਿੱਚ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਵਿਚ ਪਹਿਲੇ ਤਿੰਨ ਇਨਾਮ ਜਿੱਤਣ ਵਾਲਿਆਂ ਨੂੰ ਨੋਟ-ਬੁੱਕ, ਪੈੱਨ ਅਤੇ ਚਾਕਲੇਟ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਨੋਟ-ਬੁੱਕ ਅਤੇ ਪੈੱਨ ਪ੍ਰਦਾਨ ਕੀਤੇ ਗਏ।

Leave a Reply

Your email address will not be published. Required fields are marked *