ਅੰਬਾਲਾ, 25 ਜੁਲਾਈ (ਬੀਪੀ ਬਿਊਰੋ)
ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਦੁਆਰਾ ਹਰੀ ਝੰਡੀ ਦੇ ਕੇ ਨਵੀਂ ਦਿੱਲੀ ਤੋਂ 25 ਤੋਂ 27 ਜੁਲਾਈ ਤੱਕ ਤਿੰਨ ਦਿਨਾਂ ਮੁਹਿੰਮ ਦੇ ਹਿੱਸਾ ਵਜੋਂ ਰਵਾਨਾ ਕੀਤੀ ਗਈ ਸ਼ੌਰਿਆ ਭਾਰਤ ਈਵੀ ਰੈਲੀ ਅੱਜ ਦੁਪਹਿਰ ਬਾਅਦ ਏਅਰ ਫੋਰਸ ਸਟੇਸ਼ਨ ਅੰਬਾਲਾ ਪਹੁੰਚੀ ਜਿੱਥੇ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। “ਸੈਨਾ ਦੇ ਨਾਲ ਵਾਤਾਵਰਣ ਦਾ ਵਿਕਾਸ” ਥੀਮ ਵਾਲੀ ਇਸ ਰੈਲੀ ਦਾ ਉਦੇਸ਼ ਭਾਰਤ ਦੇ ਰਖਵਾਲਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਅਤੇ “ਆਪ੍ਰੇਸ਼ਨ ਸਿੰਦੂਰ” ਦੀ ਸਫਲਤਾ ਨੂੰ ਯਾਦ ਕਰਦਿਆਂ ਹਥਿਆਰਬੰਦ ਬਲਾਂ ਦੀ ਬਹਾਦਰੀ ਦਾ ਸਨਮਾਨ ਕਰਨਾ ਹੈ।
ਅੰਬਾਲਾ ਏਅਰ ਫੋਰਸ ਸਟੇਸ਼ਨ ‘ਤੇ ਰੈਲੀ ਦੇ ਸਵਾਗਤ ਲਈ ਝੰਡਾ ਲਹਿਰਾਉਣ ਦੀ ਰਸਮ ਏਅਰ ਕਮਾਂਡਰ ਬੀ ਸਤੀਸ਼, ਏਅਰ ਅਫਸਰ ਕਮਾਂਡਿੰਗ, ਏਅਰ ਫੋਰਸ ਸਟੇਸ਼ਨ ਅੰਬਾਲਾ ਵੱਲੋਂ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਕੀਤੀ ਗਈ।
ਇਸ ਰੈਲੀ ਵਿੱਚ ਰੱਖਿਆ ਮੰਤਰਾਲੇ ਦੇ ਕੁੱਲ 112 ਭਾਗੀਦਾਰ ਸ਼ਾਮਲ ਹਨ ਜਿਨ੍ਹਾਂ ਵਿੱਚ ਹਵਾਈ ਸੈਨਾ, ਥਲ ਸੈਨਾ, ਜਲ ਸੈਨਾ, ਡੀਆਰਡੀਓ, ਤਟ ਰੱਖਿਅਕ, ਐਨਸੀਸੀ ਸ਼ਾਮਲ ਹਨ। ਇਹ ਰੈਲੀ ਰਸਤੇ ਵਿੱਚ ਆਉਣ ਵਾਲੇ ਕਾਲਜਾਂ/ਯੂਨੀਵਰਸਿਟੀਆਂ ਦਾ ਦੌਰਾ ਕਰੇਗੀ, ਨੌਜਵਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਜਾਗਰੂਕ ਕਰੇਗੀ ਅਤੇ ਹਥਿਆਰਬੰਦ ਸੈਨਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ।
ਇਹ ਰੈਲੀ ਪ੍ਰੋਗ੍ਰੈਸ ਹਾਰਮਨੀ ਡਿਵੈਲਪਮੈਂਟ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ( ਪੀਐਚਡੀਸੀਸੀਆਈ ) ਦੁਆਰਾ ਇੰਡੀਅਨ ਏਅਰ ਫੋਰਸ ਐਡਵੈਂਚਰ ਵਿੰਗ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ ਜੋ ਭਾਰਤ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਵਜੋਂ, 40 ਸਪਾਂਸਰਡ ਟਾਟਾ ਵਾਹਨਾਂ ਦੁਆਰਾ ਲਗਭਗ 800 ਕਿੱਲੋਮੀਟਰ ਦੀ ਦੂਰੀ ਤੈਅ ਕਰੇਗੀ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਇਲੈਕਟ੍ਰਿਕ ਵਾਹਨ (ਈਵੀ) ਅਤੇ ਹਾਈਬ੍ਰਿਡ ਵਾਹਨ ਸ਼ਾਮਲ ਹਨ।
ਇਸ ਮੌਕੇ ਬੋਲਦਿਆਂ ਪੀਐਚਡੀਸੀਸੀਆਈ ਦੇ ਯੁਵਾ ਮਾਮਲੇ ਅਤੇ ਖੇਡ ਕਮੇਟੀ ਦੇ ਚੇਅਰਮੈਨ ਸ਼੍ਰੀ ਅਰਸ਼ਦ ਸ਼ਾਲ ਨੇ ਕਿਹਾ ਕਿ ਸ਼ੌਰਿਆ ਭਾਰਤ ਈਵੀ ਅਭਿਆਨ ਹਥਿਆਰਬੰਦ ਸੈਨਾਵਾਂ ਪ੍ਰਤੀ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ। ਇਹ ਰੈਲੀ ਬਹਾਦਰੀ ਦੀ ਭਾਵਨਾ ਅਤੇ ਹਰੇ-ਭਰੇ ਅਤੇ ਸਵੈ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।
ਕੱਲ੍ਹ ਇਹ ਰੈਲੀ ਆਦਮਪੁਰ ਲਈ ਰਵਾਨਾ ਹੋਵੇਗੀ ਅਤੇ ਬਾਅਦ ਵਿੱਚ ਨਵੀਂ ਦਿੱਲੀ ਵਾਪਸ ਆਵੇਗੀ।
