ਬੀਪੀ ਬਿਊਰੋ
ਅੰਬਾਲਾ, 27 ਨਵੰਬਰ
ਇਤਿਹਾਸਕ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਅੰਬਾਲਾ ਸ਼ਹਿਰ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਈਆਂ ਗਏ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਹਾਈ ਸਕੂਲ ਅੰਬਾਲਾ ਸ਼ਹਿਰ ਦੇ ਵਿਦਿਆਰਥੀਆਂ ਨੇ ਪੂਰੇ ਅੰਬਾਲਾ ਸ਼ਹਿਰ ਚੋ 3 ਵਿਸ਼ੇਸ਼ ਇਨਾਮ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਜਥੇਦਾਰ ਰਣਬੀਰ ਸਿੰਘ ਫੌਜੀ ਨੇ ਦੱਸਿਆ ਕਿ ਗਰੁੱਪ ਦੂਜਾ ਮੁਕਾਬਲੇ ਵਿਚ ਚੌਥੀ ਜਮਾਤ ਦੀ ਵਿਦਿਆਰਥਣ ਤਨਵੀ ਨੇ ਪਹਿਲਾ ਇਨਾਮ ਐਲਸੀਡੀ ਪ੍ਰਾਪਤ ਕੀਤਾ ਹੈ ਜਦੋਂ ਕਿ ਤੀਜੇ ਗਰੁੱਪ ਵਿਚ ਸੱਤਵੀਂ ਜਮਾਤ ਦੀ ਕ੍ਰਿਸ਼ਨਾ ਨੇ ਦੂਜਾ ਇਨਾਮ ਜੂਸਰ ਪ੍ਰਾਪਤ ਕੀਤਾ ਹੈ।ਇਸੇ ਤਰ੍ਹਾਂ ਚੌਥੇ ਗਰੁੱਪ ਵਿਚ ਨੌਵੀਂ ਜਮਾਤ ਦੀ ਸਾਇਨਾ ਨੇ ਤੀਜੇ ਸਥਾਨ ਤੇ ਰਹਿੰਦਿਆਂ ਮਿਊਜ਼ਿਕ ਸਿਸਟਮ ਅਤੇ 1100 ਰੁਪਏ ਦਾ ਨਕਦ ਇਨਾਮ ਜਿੱਤਿਆ ਹੈ।
ਸਕੂਲ ਦੇ ਮੈਨੇਜਰ ਸ੍ਰ ਰਣਬੀਰ ਸਿੰਘ ਛਤਵਾਲ ਤੇ ਪ੍ਰਿੰਸੀਪਲ ਸ੍ਰੀਮਤੀ ਦਲਜੀਤ ਕੌਰ ਨੇ ਬੱਚਿਆਂ ਦੀ ਇਸ ਪ੍ਰਾਪਤੀ ਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦਿਆਂ ਸਭ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਹੋਰਨਾਂ ਬੱਚਿਆਂ ਨੂੰ ਇਨ੍ਹਾਂ ਜੇਤੂ ਬੱਚਿਆਂ ਤੋਂ ਸਿੱਖਿਆ ਲੈ ਕੇ ਆਉਣ ਵਾਲੀਆਂ ਹੋਰ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਸਕੂਲ ਸਟਾਫ਼ ਅਤੇ ਵਿਦਿਆਰਥੀ ਦੇ ਮਾਤਾ ਪਿਤਾ ਵੀ ਹਾਜ਼ਰ ਸਨ।
