ਅੰਬਾਲਾ, 1 ਮਾਰਚ (ਬੀਪੀ ਬਿਉਰੋ)
ਐਸ.ਏ.ਜੈਨ ਕਾਲਜ ਅੰਬਾਲਾ ਸ਼ਹਿਰ ਦੇ ਪੰਜਾਬੀ ਅਤੇ ਹਿੰਦੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਹਰਿਆਣਾ ਦੇ ਉੱਚ ਸਿੱਖਿਆ ਵਿਭਾਗ ਦੁਆਰਾ ਪ੍ਰਵਾਨਿਤ ‘ ਗੁਰੂ ਨਾਨਕ ਦੇਵ ਬਾਣੀ ਦੇ ਵੱਖ-ਵੱਖ ਆਯਾਮ’ ਵਿਸ਼ੇ ਤੇ ਇੱਕ ਰੋਜ਼ਾ ਅੰਤਰ-ਅਨੁਸ਼ਾਸਨੀ ਰਾਸ਼ਟਰੀ ਸੈਮੀਨਾਰ ਕਰਾਇਆ ਗਿਆ ਜਿਸ ਵਿਚ ਕਾਲਜ ਦੇ ਪੰਜਾਬੀ ਵਿਭਾਗ ਦੀ ਸਾਬਕਾ ਮੁਖੀ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਡਾ. ਪਾਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਦਘਾਟਨੀ ਸੈਸ਼ਨ ਵਿੱਚ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਆਭਾ ਬਾਂਸਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਖੀ ਸਮਾਜ ਵਿੱਚ ਮਨੁੱਖਤਾ ਦੀ ਮੁਕਤੀ ਲਈ ਮਸੀਹਾ ਵਜੋਂ ਪ੍ਰਗਟ ਹੋਏ। ਕੁਰੂਕਸ਼ੇਤਰ ਯੂਨੀਵਰਸਿਟੀ, ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਸੈਮੀਨਾਰ ਦੇ ਹਰ ਨੁਕਤੇ ‘ਤੇ ਡੂੰਘਾਈ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਤੇ ਜ਼ੋਰ ਦਿੱਤਾ। ਡਾ. ਪਾਲ ਕੌਰ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਜੀਵਨ ਯਾਤਰਾਵਾਂ ਰਾਹੀਂ ਹੋਏ ਇੱਕ ਨਵੇਂ ਸਭਿਆਚਾਰ ਦੇ ਉਭਾਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਨੇ ਬਹਿਸ ਤੇ ਦਲੀਲ ਰਾਹੀਂ ਧਰਮ ਦੀ ਇੱਕ ਨਵੀਂ ਪਰਿਭਾਸ਼ਾ ਦਿੱਤੀ। ਕੁਰੂਕਸ਼ੇਤਰ ਯੂਨੀਵਰਸਿਟੀ ਦੀ ਡੀਨ ਭਾਸ਼ਾਵਾਂ ਡਾ. ਪੁਸ਼ਪਾ ਨੇ ਬਤੌਰ ਵਿਸ਼ੇਸ਼ ਮਹਿਮਾਨ ਬੋਲਦਿਆਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵੱਖ-ਵੱਖ ਪਹਿਲੂਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਬਲਜੀਤ ਸਿੰਘ ਨੇ ਪ੍ਰੋਗਰਾਮ ਦੀ ਸੰਖੇਪ ਰੂਪ-ਰੇਖਾ ਪੇਸ਼ ਕੀਤੀ ਅਤੇ ਡਾ. ਬਲਵਾਨ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਸਟੇਜ ਸੰਚਾਲਨ ਡਾ. ਸੁਨੀਲ ਕਾਜਲ ਨੇ ਕੀਤਾ।
ਇਸ ਸੈਮੀਨਾਰ ਵਿੱਚ ਦੋ ਪੁਸਤਕਾਂ ਹਿੰਦੀ ਅਤੇ ਪੰਜਾਬੀ ਵਿਭਾਗ ਵੱਲੋਂ ਪ੍ਰਕਾਸ਼ਿਤ ‘ਗੁਰੂ ਨਾਨਕ ਦੇਵ ਜੀ ਦੀ ਬਾਣੀ: ਵਰਤਮਾਨ ਪ੍ਰਸੰਗਿਕਤਾ’ ਅਤੇ ਡਾ. ਬਲਵਾਨ ਸਿੰਘ ਦਾ ਕਾਵਿ ਸੰਗ੍ਰਹਿ ‘ਅੰਤਰ ਯੁੱਧ’ ਰਿਲੀਜ਼ ਕੀਤੀਆਂ ਗਈਆਂ।
ਸੈਮੀਨਾਰ ਦੇ ਪਹਿਲੇ ਤਕਨੀਕੀ ਸੈਸ਼ਨ ਵਿੱਚ, ਚੇਅਰਮੈਨ ਦੀ ਭੂਮਿਕਾ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ ਨੇ ਕੀਤੀ। ਇਸ ਸੈਸ਼ਨ ਵਿਚ 20 ਵਿਦਵਾਨਾਂ ਨੇ ਖੋਜ ਪੱਤਰ ਪੇਸ਼ ਕੀਤੇ।ਦੂਜੇ ਤਕਨੀਕੀ ਸੈਸ਼ਨ ਵਿੱਚ ਚੇਅਰਪਰਸਨ ਡਾ. ਸੋਨੀਆ ਸੀ ਅਤੇ ਇਸ ਵਿਚ 30 ਭਾਗੀਦਾਰਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਤੀਜੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਡਾ. ਸਿਮਰਨਜੀਤ ਕੌਰ ਨੇ ਅਤੇ ਸਹਿ-ਪ੍ਰਧਾਨਗੀ ਡਾ. ਬੀਰ ਸਿੰਘ ਤੇ ਡਾ. ਅਨੀਸ਼ ਲੂਥਰਾ ਨੇ ਕੀਤੀ। ਇਸ ਸੈਸ਼ਨ ਵਿੱਚ 18 ਸਕਾਲਰਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ।
ਸੈਮੀਨਾਰ ਦਾ ਵਿਦਾਇਗੀ ਭਾਸ਼ਣ ਡਾ. ਰਤਨ ਸਿੰਘ ਢਿੱਲੋਂ ਨੇ ਦਿੱਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਮੌਜੂਦਾ ਸਮੇਂ ਵਿੱਚ ਉਸ ਦੀ ਸਾਰਥਿਕਤਾ ਬਾਰੇ ਦੱਸਿਆ। ਇਸ ਸੈਸ਼ਨ ਵਿਚ ਡਾ. ਕੁਲਦੀਪ ਸਿੰਘ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਇਸ ਸੈਮੀਨਾਰ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵਿਦਵਾਨਾਂ, ਅਧਿਆਪਕਾਂ, ਖੋਜਕਾਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।


