ਪੰਜ ਵਿਅਕਤੀਆਂ ਖ਼ਿਲਾਫ਼ ਵੱਖ ਵੱਖ 8 ਧਾਰਾਵਾਂ ਤਹਿਤ ਮਾਮਲਾ ਦਰਜ
ਅੰਬਾਲਾ, 1 ਮਈ (ਬੀਪੀ ਬਿਊਰੋ)
ਸ਼ਾਹਜ਼ਾਦਪੁਰ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਏਐਸਆਈ ਨਰਾਇਣ ਸਿੰਘ ਦੀ ਅਗਵਾਈ ਵਿਚ ਦੇਰ ਰਾਤ 9 ਵਜੇ ਸ਼ਾਹਜ਼ਾਦਪੁਰ ਦੀ ਮਾਡਰਨ ਸਿਟੀ ਕਾਲੋਨੀ ਦੇ ਇਕ ਮਕਾਨ ਵਿਚ ਛਾਪਾ ਮਾਰ ਕੇ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਦਾ ਪਰਦਾ ਫਾਸ਼ ਕੀਤਾ ਹੈ ਅਤੇ ਵੱਖ ਵੱਖ 8 ਧਾਰਾਵਾਂ ਦੇ ਤਹਿਤ ਪੰਜ ਜਣਿਆਂ ਗੁਰਪ੍ਰੀਤ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਪਿੰਡ ਉੱਪਰਲੀ ਧਮੋਲੀ, ਸੁਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਪੋਲੀ, ਸੰਦੀਪ ਪੁੱਤਰ ਚਮਨ ਲਾਲ ਵਾਸੀ ਪਿੰਡ ਧਨਾਨਾ, ਸਚਿਨ ਪੁੱਤਰ ਜਗਦੀਸ਼ ਵਾਸੀ ਪਿੰਡ ਗੋਬਿੰਦਪੁਰ ਥਾਣਾ ਸ਼ਾਹਜ਼ਾਦਪੁਰ ਜ਼ਿਲ੍ਹਾ ਅੰਬਾਲਾ ਅਤੇ ਬਿੱਟੂ ਪੁੱਤਰ ਕ੍ਰਿਸ਼ਨ ਲਾਲ ਵਾਸੀ ਪਿੰਡ ਧਨਾਨਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੀ ਕਾਰਵਾਈ ਸਵੇਰੇ ਸਾਢੇ 5 ਵਜੇ ਤੱਕ ਚੱਲੀ।
ਛਾਪੇ ਦੌਰਾਨ ਪੁਲੀਸ ਪਾਰਟੀ ਨੇ ਦੇਖਿਆਂ ਕਿ ਇਸ ਨਕਲੀ ਸ਼ਰਾਬ ਦੀ ਫੈਕਟਰੀ ਵਿਚ ਹਰਿਆਣਾ ਅਤੇ ਪੰਜਾਬ ਵਿੱਚ ਵਿਕਣ ਵਾਲੀ ਦੇਸੀ ਸ਼ਰਾਬ ਦੇ ਬਰਾਂਡ ਬਣਾਏ ਜਾ ਰਹੇ ਸਨ ਅਤੇ ਲੇਬਲ ਚਿਪਕਾਉਣ ਤੋਂ ਬਾਅਦ ਉਨ੍ਹਾਂ ਨੂੰ ਗੱਤੇ ਦੇ ਡੱਬਿਆਂ ਵਿੱਚ ਪੈਕ ਕੀਤਾ ਜਾ ਰਿਹਾ ਸੀ। ਇਸ ਸਮੇਂ ਘਰ ਅੰਦਰ ਚਾਰ ਨੌਜਵਾਨ ਮੁੰਡੇ ਮੌਜੂਦ ਮਿਲੇ ਜਿਨ੍ਹਾਂ ਨੇ ਪੁੱਛਣ ਤੇ ਇੱਕ ਮੁੰਡੇ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਪਿੰਡ ਉੱਪਰਲੀ ਧਮੋਲੀ, ਦੂਜੇ ਨੇ ਸੁਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਪੋਲੀ, ਤੀਜੇ ਨੇ ਆਪਣਾ ਨਾਮ ਸੰਦੀਪ ਪੁੱਤਰ ਚਮਨ ਲਾਲ ਵਾਸੀ ਪਿੰਡ ਧਨਾਨਾ ਅਤੇ ਚੌਥੇ ਮੁੰਡੇ ਨੇ ਆਪਣਾ ਨਾਮ ਸਚਿਨ ਪੁੱਤਰ ਜਗਦੀਸ਼ ਵਾਸੀ ਪਿੰਡ ਗੋਬਿੰਦਪੁਰ ਦੱਸਿਆ। ਪੁੱਛਣ ‘ਤੇ ਚਾਰੇ ਮੁੰਡਿਆਂ ਨੇ ਦੱਸਿਆ ਕਿ ਇਹ ਸ਼ਰਾਬ ਫੈਕਟਰੀ ਬਿੱਟੂ ਪੁੱਤਰ ਕ੍ਰਿਸ਼ਨ ਲਾਲ ਵਾਸੀ ਪਿੰਡ ਧਨਾਨਾ ਜ਼ਿਲ੍ਹਾ ਅੰਬਾਲਾ ਦੀ ਹੈ ਜਿਸ ਵਿੱਚ ਉਹ ਸਾਰੇ ਮਿਲ ਕੇ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਦੇ ਹਨ।
ਸ਼ਾਹਜ਼ਾਦਪੁਰ ਥਾਣੇ ਦੇ ਐਸਐਚਓ ਜਤਿੰਦਰ ਕੁਮਾਰ ਅਤੇ ਆਬਕਾਰੀ ਵਿਭਾਗ ਤੋਂ ਈਟੀਓ ਸੁਰਿੰਦਰ ਸਿੰਘ, ਏ.ਈ.ਟੀ.ਓ. ਸਾਹਿਲ ਗੋਇਲ, ਐਕਸਾਈਜ਼ ਇੰਸਪੈਕਟਰ ਸ਼ਮਸ਼ੇਰ ਸਿੰਘ, ਐਕਸਾਈਜ਼ ਇੰਸਪੈਕਟਰ ਸੰਜੇ ਕੈਰੋਂ, ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ ਵੀ ਮੌਕੇ ਤੇ ਪਹੁੰਚ ਗਏ। ਇਸ ਦੌਰਾਨ ਪੁਲੀਸ ਨੇ ਇਸ ਫੈਕਟਰੀ ਵਿਚੋਂ ਸ਼ਰਾਬ ਬਣਾਉਣ ਵਾਲੇ ਹੋਰ ਸਮਾਨ, ਮਸ਼ੀਨਰੀ ਆਦਿ ਤੋਂ ਬਿਨਾ ਬਰਾਂਡ ਪੰਜਾਬ ਰਸੀਲਾ ਸੰਤਰਾ ਦੇ 60 ਡੱਬੇ, ਦੇਸੀ ਸ਼ਰਾਬ ਬਰਾਂਡ ਮਸਤੀ ਮਾਲਟਾ ਦੇ 12 ਡੱਬੇ, ਸ਼ਰਾਬ ਬਰਾਂਡ ਅਸਲੀ ਮੋਟਾ ਸੰਤਰਾ ਦੇ 37 ਡੱਬੇ, ਸਾਈਪ੍ਰਸ ਦੇ ਤਿੰਨ ਡਰੰਮ ,ਕੁੱਲ 540 ਲੀਟਰ ਸਾਈਪ੍ਰਸ ਅਤੇ ਸਾਈਪ੍ਰਸ ਦੇ 42 ਖ਼ਾਲੀ ਡਰੰਮ, 20 ਲੀਟਰ ਦੀਆਂ 06 ਖ਼ਾਲੀ ਵੱਡੀਆਂ ਬੋਤਲਾਂ, 64 ਬੰਡਲ ਖ਼ਾਲੀ ਬੋਤਲਾਂ ਕੁੱਲ 9600 ਖ਼ਾਲੀ ਬੋਤਲਾਂ ਅਤੇ 82 ਬੰਡਲ ਖ਼ਾਲੀ ਗੱਤੇ ਦੇ ਡੱਬੇ (ਕੁੱਲ 2050 ਖ਼ਾਲੀ ਡੱਬੇ) 2750 ਲਾਲ ਰੰਗ ਦੇ ਅਤੇ 3650 ਕਾਲੇ ਰੰਗ ਦੇ ਢੱਕਣ, ਬਿਨਾ ਕੁਝ ਲਿਖਿਆਂ ਢੱਕਣਾਂ ਦੀ ਇਕ ਬੋਰੀ, ਹਜਾਰਾਂ ਦੀ ਗਿਣਤੀ ਵਿਚ ਰੈਪਰ/ਲੇਬਲ, ਕਿਊਆਰ ਕੋਡ ਆਦਿ ਬਰਾਮਦ ਕੀਤੇ ਹਨ।
ਜ਼ਿਕਰ ਯੋਗ ਹੈ ਕਿ ਇਸ ਫੈਕਟਰੀ ਵਿਚ ਬਣਨ ਵਾਲੀ ਨਕਲੀ ਸ਼ਰਾਬ ਪੰਜਾਬ ਅਤੇ ਹਰਿਆਣਾ ਵਿਚ ਸਪਲਾਈ ਕੀਤੀ ਜਾ ਰਹੀ ਸੀ। 2024 ਵਿੱਚ ਯਮੁਨਾਨਗਰ ਵਿੱਚ ਇੱਕ ਨਕਲੀ ਸ਼ਰਾਬ ਫੈਕਟਰੀ ਦੀ ਬਣੀ ਨਕਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ।

Leave a Reply