ਸੀਨੀਅਰ ਕਾਂਗਰਸੀ ਆਗੂ, ਸਾਬਕਾ ਰਾਜ ਸੂਚਨਾ ਕਮਿਸ਼ਨਰ ਅਤੇ ਰਾਸ਼ਟਰੀ ਪੰਜਾਬੀ ਮਹਾ ਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਮਹਿਤਾ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਕੇ ਕਿਹਾ ਕਿ ਹਰਿਆਣਾ ਦੇ ਸਹਿਕਾਰਤਾ ਵਿਭਾਗ ਵਿਚ ਹੋਏ ਸੌ ਕਰੋੜ ਤੋਂ ਵੱਧ ਦੇ ਘੁਟਾਲੇ ਨੇ ਭਾਜਪਾ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।ਏਡਾ ਵੱਡਾ ਘੋਟਾਲਾ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਘੁਟਾਲੇ ਚਿੰਨ੍ਹ ਹੈ। ਕਿਸਾਨਾਂ ਦੀ ਬਿਹਤਰੀ ਲਈ ਕੇਂਦਰ ਤੋਂ ਆਈ ਸਰਕਾਰੀ ਰਕਮ ਨਾਲ ਜ਼ਮੀਨ ਅਤੇ ਲਗਜ਼ਰੀ ਫਲੈਟ ਖ਼ਰੀਦੇ ਜਾਂਦੇ ਰਹੇ ਅਤੇ ਸਰਕਾਰ ਗੂੜ੍ਹੀ ਨੀਂਦ ਸੁੱਤੀ ਰਹੀ।ਇਸ ਤੋਂ ਪਹਿਲਾਂ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਅਤੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੀਆਂ ਪ੍ਰੀਖਿਆਵਾਂ ਵਿਚ ਹੋਈਆਂ ਧਾਂਦਲੀਆਂ ਅਤੇ ਪੇਪਰ ਲੀਕ ਦੀਆਂ ਘਟਨਾਵਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਜਪਾ ਦੇ ਸ਼ਾਸਨਕਾਲ ਵਿਚ ਭ੍ਰਿਸ਼ਟਾਚਾਰ ਆਪਣੇ ਸਿਖਰ ਤੇ ਹੈ।ਸ਼੍ਰੀ ਮਹਿਤਾ ਨੇ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ, ਅਗਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਉਂ ਹੀ ਕੇਂਦਰ ਅਤੇ ਰਾਜ ਵਿਚ ਭਾਜਪਾ ਸਰਕਾਰ ਜਾਵੇਗੀ ਤਾਂ ਸਹਿਕਾਰਤਾ ਵਰਗੇ ਕਈ ਘੁਟਾਲੇ ਜਨਤਾ ਦੇ ਸਾਹਮਣੇ ਆਉਣਗੇ।
ਸ਼੍ਰੀ ਮਹਿਤਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਚ ਭ੍ਰਿਸ਼ਟਾਚਾਰੀਆਂ ਦੇ ਹੌਸਲੇ ਬੁਲੰਦ ਹਨ ਪਰੰਤੂ ਇਸ ਦੇ ਬਾਵਜੂਦ ਭਾਜਪਾ ਨੇਤਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਵਿਚ ਨਾ ਖ਼ਰਚੀ ਅਤੇ ਨਾ ਪਰਚੀ ਚਲਦੀ ਹੈ।ਇਸ ਦੇ ਉਲਟ ਸਚਾਈ ਇਹ ਹੈ ਕਿ ਭਾਜਪਾ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿਚ ਹੋਣ ਵਾਲੀਆਂ ਸਥਾਈ ਭਰਤੀਆਂ ਬੰਦ ਕਰਕੇ ਹਰਿਆਣਾ ਕੌਸ਼ਲ ਵਿਕਾਸ ਰੁਜ਼ਗਾਰ ਨਿਗਮ ਦੇ ਤਹਿਤ ਅਸਥਾਈ ਭਰਤੀਆਂ ਕਰਨ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ, ਉਸ ਵਿਚ ਸਰਕਾਰੀ ਨੌਕਰੀ ਦੇ ਮੂਲ ਸਿਧਾਂਤਾਂ, ਯੋਗਤਾ ਅਤੇ ਰਾਖਵੇਂਕਰਨ ਨੂੰ ਬੁਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
