ਅੰਬਾਲਾ, 5 ਮਈ (ਬੀਪੀ ਬਿਊਰੋ)
ਪੱਤਰਕਾਰ ਬਣ ਕੇ ਮੌਹੜਾ ਸਥਿਤ ਅੰਬਾਲਾ ਕੈਂਟ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਧਮਕਾਉਣ ਅਤੇ ਪੈਸੇ ਮੰਗਣ ਦੇ ਮਾਮਲੇ ਵਿਚ ਪੜਾਓ ਪੁਲੀਸ ਨੇ ਕਾਰਵਾਈ ਕਰਦਿਆਂ ਅੱਜ ਡੇਰਾ ਬਸੀ ਦੇ ਸਰਸਵਤੀ ਨਗਰ ਨਿਵਾਸੀ ਦੀਪਕ ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਦੇ ਹੁਕਮਾਂ ਤੇ ਜੇਲ੍ਹ ਭੇਜ ਦਿੱਤਾ ਹੈ।
ਮਾਰਕੀਟ ਕਮੇਟੀ ਦੇ ਸਕੱਤਰ-ਕਮ-ਈਓ ਸ਼੍ਰੀ ਨੀਰਜ ਨੇ 28 ਅਪ੍ਰੈਲ 2025 ਨੂੰ ਥਾਣਾ ਪੜਾਓ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੀਪਕ ਸ਼ਰਮਾ ਨਾਂ ਦੇ ਵਿਅਕਤੀ ਨੇ ਆਪਣੇ ਆਪ ਨੂੰ ਪੱਤਰਕਾਰ ਦਸਦਿਆਂ ਫੋਨ ਤੇ ਖ਼ਬਰ ਪ੍ਰਕਾਸ਼ਿਤ ਕਰਨ ਦੀ ਧਮਕੀ ਦੇ ਕੇ ਪੈਸੇ ਮੰਗੇ ਹਨ ਅਤੇ ਉਸ ਨਾਲ ਬਦਸਲੂਕੀ ਕਰਦਿਆਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਸਐਚਓ ਧਰਮਵੀਰ ਨੇ ਦੱਸਿਆ ਕਿ ਸਕੱਤਰ ਅਨੁਸਾਰ ਦੋਸ਼ੀ ਨੇ ਝੋਨੇ ਦੇ ਸੀਜ਼ਨ ਵਿਚ ਵੀ ਉਸ ਨੂੰ ਧਮਕਾਇਆ ਸੀ। ਸ਼ਿਕਾਇਤ ਤੋਂ ਬਾਅਦ ਜਦੋਂ ਪੁਲੀਸ ਮੁਲਾਜ਼ਮ ਨੇ ਦੋਸ਼ੀ ਨਾਲ ਸੰਪਰਕ ਕੀਤਾ ਤਾਂ ਦੋਸ਼ੀ ਨੇ ਉਸ ਨਾਲ ਵੀ ਬਦਸਲੂਕੀ ਕੀਤੀ। ਪਤਾ ਲੱਗਾ ਹੈ ਕਿ ਉਸ ਦੇ ਖ਼ਿਲਾਫ਼ ਪਹਿਲਾਂ ਵੀ ਕਿਸੇ ਪੱਤਰਕਾਰ ਨੇ ਥਾਣਾ ਸਦਰ ਵਿਚ ਮਾਮਲਾ ਦਰਜ ਕਰਾਇਆ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਦਾ ਕਹਿਣਾ ਹੈ ਕਿ ਦੀਪਕ ਹੁਣ ਤੱਕ ਪੱਤਰਕਾਰੀ ਦਾ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ ਅਤੇ ਇਸ ਸੰਬੰਧੀ ਜਾਣਕਾਰੀ ਚੰਡੀਗੜ੍ਹ ਤੋਂ ਇਕੱਠੀ ਕੀਤੀ ਜਾ ਰਹੀ ਹੈ। ਉਸ ਕੋਲੋਂ ਇੱਕ ਜਾਅਲੀ ਆਈਡੀ ਵਾਲਾ ਮੋਬਾਈਲ ਸਿਮ ਮਿਲਿਆ ਹੈ ਜਿਸ ਰਾਹੀਂ ਉਸ ਨੇ ਧਮਕੀਆਂ ਦਿੱਤੀਆਂ ਸਨ। ਜਾਅਲੀ ਆਈਡੀ ਵਾਲਾ ਸਿਮ ਉਹ ਆਪਣੀ ਕਿਸੇ ਪੁਰਾਣੀ ਮੁਲਾਜ਼ਮ ਦੇ ਨਾਂ ਦੱਸ ਰਿਹਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਡੇਰਾ ਬਸੀ ਤੋਂ ਗ੍ਰਿਫ਼ਤਾਰ ਕਥਿਤ ਫ਼ਰਜ਼ੀ ਪੱਤਰਕਾਰ ਜੇਲ੍ਹ ਭੇਜਿਆ
