ਨੌਜਵਾਨ ਦੇ ਪਿਤਾ ਦੀ ਧੱਕਾ ਮਾਰਨ ਨਾਲ ਹੋਈ ਮੌਤ, ਪੁਲੀਸ ਨੇ ਮੁਲਜ਼ਮ ਬਾਪ-ਬੇਟੇ ਦੇ ਖ਼ਿਲਾਫ਼ ਕੀਤਾ ਮਾਮਲਾ ਦਰਜ
ਅੰਬਾਲਾ ਕੈਂਟ ਦੇ ਦਲੀਪਗੜ੍ਹ ਵਿਚ ਪਟਾਕੇ ਚਲਾਉਣ ਤੋਂ ਹੋਏ ਝਗੜੇ ਵਿਚ 65 ਸਾਲਾ ਵਿਅਕਤੀ ਦੀ ਮੌਤ ਹੋ ਗਈ।ਮ੍ਰਿਤਕ ਦੀ ਪਹਿਚਾਣ ਹਰਲਾਭ ਸਿੰਘ ਪੁੱਤਰ ਅਮਰ ਸਿੰਘ ਵਜੋਂ ਹੋਈ ਹੈ।ਅੰਬਾਲਾ ਕੈਂਟ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਕਮਲਜੀਤ ਸਿੰਘ ਦੀ ਸ਼ਿਕਾਇਤ ਤੇ ਬਾਪ-ਬੇਟੇ ਦੇ ਖ਼ਿਲਾਫ਼ ਧਾਰਾ 296/323/304/ ਅਤੇ 34 ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਮਲਜੀਤ ਸਿੰਘ (31) ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਪਾਲ ਗਡਰੀਆ ਧਰਮਸ਼ਾਲਾ ਵਿਚ 1 ਤੋਂ 7 ਜਨਵਰੀ ਤੱਕ ਦਲੀਪਗੜ੍ਹ ਦੇ ਲੋਕਾਂ ਵੱਲੋਂ ਪ੍ਰਧਾਨ ਰਾਮ ਅਵਤਾਰ ਦੀ ਦੇਖ-ਰੇਖ ਵਿਚ ਭਗਵਤ ਕਥਾ ਕਰਾਈ ਜਾ ਰਹੀ ਹੈ।ਲੰਘੀ ਦੇਰ ਸ਼ਾਮ ਨੂੰ ਕਥਾ ਦੌਰਾਨ ਉਨ੍ਹਾਂ ਦੇ ਘਰ ਦੀ ਖਿੜਕੀ ਕੋਲ ਪਟਾਕੇ ਚਲਾਏ ਜਾ ਰਹੇ ਸਨ ਜਿਸ ਤੋਂ ਉਨ੍ਹਾਂ ਦੇ ਬੱਚੇ ਡਰ ਰਹੇ ਸਨ।ਉਸ ਦੀ ਮਾਂ ਗੁਰਜੀਤ ਕੌਰ ਪਟਾਕੇ ਚਲਾਉਣ ਤੋਂ ਮਨ੍ਹਾ ਕਰਨ ਲਈ ਬਾਹਰ ਗਈ।ਅਜੇ ਉਹ ਘਰ ਦੇ ਅੰਦਰ ਵੜੀ ਹੀ ਸੀ ਕਿ ਲੜਕਿਆਂ ਨੇ ਫਿਰ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ।ਫਿਰ ਉਹ ਅਤੇ ਉਸ ਦੇ ਪਿਤਾ ਕਥਾ ਕਰਵਾ ਰਹੇ ਰਾਮ ਅਵਤਾਰ ਨੂੰ ਪਟਾਕੇ ਚਲਾਉਣੇ ਬੰਦ ਕਰਨ ਲਈ ਕਹਿਣ ਗਏ।ਅਜੇ ਰਾਮ ਅਵਤਾਰ ਨਾਲ ਗੱਲ ਚੱਲ ਹੀ ਰਹੀ ਸੀ ਕਿ ਉਸ ਦਾ ਲੜਕਾ ਵਿਕਰਮ ਆ ਕੇ ਕਹਿਣ ਲੱਗਾ ਕਿ ਪਟਾਕੇ ਤਾਂ ਏਦਾਂ ਹੀ ਚੱਲਣਗੇ, ਤੁਸੀਂ ਕੌਣ ਹੁੰਦੇ ਹੋ ਹਟਾਉਣ ਵਾਲੇ।
ਕਮਲਜੀਤ ਅਨੁਸਾਰ ਇਸ ਦੌਰਾਨ ਝਗੜਾ ਵੱਧ ਗਿਆ ਅਤੇ ਧੱਕਾ-ਮੁੱਕੀ ਸ਼ੁਰੂ ਹੋ ਗਈ।ਵਿਕਰਮ ਨੇ ਉਸ ਦੀ ਪੱਗ ਲਾਹ ਦਿੱਤੀ ਅਤੇ ਵਾਲਾਂ ਤੋਂ ਫੜ ਲਿਆ। ਰਾਮ ਅਵਤਾਰ ਨੇ ਵੀ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟ-ਮਾਰ ਕੀਤੀ। ਜਦੋਂ ਉਸ ਦਾ ਪਿਤਾ ਮੁਲਜ਼ਮਾਂ ਕੋਲੋਂ ਛੁਡਾਉਣ ਲੱਗਾ ਤਾਂ ਮੁਲਜ਼ਮਾਂ ਨੇ ਉਸ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ।ਉਸ ਦੇ ਪਿਤਾ ਬੇਹੋਸ਼ ਹੋ ਗਏ ਅਤੇ ਸਿਵਲ ਹਸਪਤਾਲ ਲਿਜਾਉਣ ਤੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਇੰਚਾਰਜ ਲਿਜਾਣਾ ਕੁਮਾਰ ਨੇ ਦੱਸਿਆ ਕਿ ਬਹਿਸ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।