35 ਹਜ਼ਾਰ ਰੁਪਏ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ, ਚੌਥਾ ਫਰਾਰ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦੇ ਗ੍ਰਹਿ ਜ਼ਿਲ੍ਹੇ ਅੰਬਾਲਾ ਵਿਚ ਕਾਫੀ ਸਮੇਂ ਤੋਂ ਸਰਗਰਮ ਯੂਪੀ ਦੇ ਲਿੰਗ ਨਿਰਧਾਰਨ ਗਰੋਹ ਦਾ ਸਿਹਤ ਵਿਭਾਗ ਦੀ ਟੀਮ ਨੇ ਪਰਦਾ ਫਾਸ਼ ਕੀਤਾ ਹੈ।ਵਿਭਾਗ ਨੇ 12ਵੀਂ ਜਮਾਤ ਪਾਸ ਝੋਲਾ ਛਾਪ ਡਾਕਟਰ ਸਮੇਤ ਤਿੰਨ ਮੁਲਜ਼ਮਾਂ ਨੂੰ 35 ਹਜ਼ਾਰ ਰੁਪਏ ਸਣੇ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਚੌਥਾ ਮੁਲਜ਼ਮ ਭੱਜਣ ਵਿਚ ਸਫਲ ਹੋ ਗਿਆ।
ਸਿਹਤ ਵਿਭਾਗ ਮੁਤਾਬਿਕ ਯੂਪੀ ਦੇ ਲਿੰਗ ਜਾਂਚ ਗਰੋਹ ਦੇ ਮੈਂਬਰ ਅੰਬਾਲਾ ਵਿੱਚ ਬਾਈਕ ਜਾਂ ਕਾਰ ਵਿੱਚ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਲਿਆ ਕੇ ਅਲਟਰਾਸਾਊਂਡ ਕਰਦੇ ਅਤੇ ਇਸ ਕੰਮ ਲਈ ਉਹ 35 ਤੋਂ 40 ਹਜ਼ਾਰ ਰੁਪਏ ਵਿੱਚ ਸੌਦਾ ਕਰਦੇ ਸਨ।ਸਿਹਤ ਵਿਭਾਗ ਦੇ ਡਾ: ਵਿਪਨ ਭੰਡਾਰੀ ਨੇ ਦੱਸਿਆ ਕਿ ਮੂਲ ਰੂਪ ਵਿਚ ਗੋਕਲ ਗੜ੍ਹ ਪਿੰਡ ਦਾ 12ਵੀਂ ਪਾਸ ਝੋਲਾ ਛਾਪ ਨਰਿੰਦਰ ਕੁਮਾਰ ਪਿਛਲੇ 2-3 ਸਾਲਾਂ ਤੋਂ ਮਲਿਕਪੁਰ ਪਿੰਡ (ਸਾਹਾ) ‘ਚ ਪ੍ਰੈਕਟਿਸ ਕਰ ਰਿਹਾ ਸੀ । ਉਹ ਸਹਾਰਨਪੁਰ ਦੇ ਕਿਰਨ ਦਾਸ, ਅਵਨੀਸ਼ ਕੁਮਾਰ ਅਤੇ ਆਕਾਸ਼ ਦੀ ਮਦਦ ਨਾਲ ਆਪਣੇ ਕਲੀਨਿਕ ‘ਤੇ ਲਿੰਗ ਜਾਂਚ ਕਰਵਾਉਂਦਾ ਸੀ।ਸਿਹਤ ਵਿਭਾਗ ਨੇ ਨਕਲੀ ਗਾਹਕ ਤਿਆਰ ਕੀਤਾ। ਉਸ ਨੇ ਕੁਐਕ ਡਾਕਟਰ ਨਰਿੰਦਰ ਕੁਮਾਰ ਨਾਲ ਸੰਪਰਕ ਕੀਤਾ। ਜਿਸ ਨਾਲ 40 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਸਿਹਤ ਵਿਭਾਗ ਨੇ ਯੋਜਨਾ ਦੇ ਤਹਿਤ ਗਰਭਵਤੀ ਔਰਤ ਨੂੰ ਪਿੰਡ ਮਲਿਕਪੁਰ ਭੇਜਿਆ। ਜਿੱਥੇ ਮੁਲਜ਼ਮ ਆਕਾਸ਼ ਨੇ ਪੋਰਟੇਬਲ ਮਸ਼ੀਨ ਨਾਲ ਉਸ ਦੇ ਗਰਭ ਵਿਚਲੇ ਭਰੂਣ ਦੇ ਲਿੰਗ ਦੀ ਜਾਂਚ ਕੀਤੀ ਅਤੇ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨਰਿੰਦਰ ਕੁਮਾਰ, ਕਿਰਨ ਦਾਸ ਅਤੇ ਅਵਨੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਕਿਰਨ ਦਾਸ ਕੋਲੋਂ 25 ਹਜ਼ਾਰ ਰੁਪਏ ਅਤੇ ਅਵਨੀਸ਼ ਕੋਲੋਂ 10 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਮੁਲਜ਼ਮ ਆਕਾਸ਼ ਦੇ ਖ਼ਿਲਾਫ਼ ਪਿਛਲੇ ਸਾਲ ਕੁਰੂਕਸ਼ੇਤਰ ਵਿੱਚ ਪੀਐਨਡੀਟੀ ਐਕਟ ਤਹਿਤ ਕੇਸ ਵੀ ਦਰਜ ਕੀਤਾ ਗਿਆ ਸੀ। ਸਿਹਤ ਵਿਭਾਗ ਦੀ ਟੀਮ ਵਿੱਚ ਡਾ: ਬਲਵਿੰਦਰ ਕੌਰ, ਡਾ: ਹਿਤਾਰਥ, ਡਾ: ਵਿਪਨ ਭੰਡਾਰੀ, ਲਲਿਤ ਜਿੰਦਲ ਅਤੇ ਦੇਵਿੰਦਰ ਹੁੱਡਾ ਸ਼ਾਮਿਲ ਸਨ।
