ਹਰਿਆਣਾ ਵਿਚ ਐਸਆਈਟੀ ਵੱਲੋਂ ਹੁਣ ਤੱਕ 1260 ਕਬੂਤਰਬਾਜ਼ ਗ੍ਰਿਫ਼ਤਾਰ-ਵਿੱਜ

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕਬੂਤਰਬਾਜ਼ਾਂ ਨਾਲ ਨਜਿੱਠਣ ਲਈ ਬਣਾਈ ਗਈ ਐਸਆਈਟੀ ਵੱਲੋਂ ਹੁਣ ਤੱਕ 1260 ਕਬੂਤਰਬਾਜ਼ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿਚ ਕਬੂਤਰਬਾਜ਼ਾਂ ਦੇ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਕਬੂਤਰਬਾਜ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਗ੍ਰਹਿ ਮੰਤਰੀ ਅੰਬਾਲਾ ਕੈਂਟ ਸਥਿਤ ਆਪਣੇ ਨਿਵਾਸ ਤੇ ਪ੍ਰਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਸਮੇਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਰਾਜ ਦੀ ਭੋਲ਼ੀ-ਭਾਲੀ ਜਨਤਾ ਨੂੰ ਕਬੂਤਰਬਾਜ਼ਾਂ ਦੇ ਝਾਂਸੇ ਤੋਂ ਬਚਾਉਣ ਕਈ ਉਨ੍ਹਾਂ ਵੱਲੋਂ ਐਸਆਈਟੀ ਬਣਾਈ ਗਈ ਸੀ ਜਿਸ ਦੇ ਤਹਿਤ ਪਹਿਲੀ ਐਸਆਈਟੀ ਨੇ ਢਾਈ ਤੋਂ ਤਿੰਨ ਸਾਲਾਂ ਦੌਰਾਨ 664 ਕਬੂਤਰਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਜਦੋਂ ਕਿ ਵਰਤਮਾਨ ਐਸਆਈਟੀ ਨੇ ਆਪਣੇ 9 ਮਹੀਨੇ ਦੇ ਕਾਰਜ ਕਾਲ ਵਿਚ ਹੁਣ ਤੱਕ 596 ਕਬੂਤਰਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ਼੍ਰੀ ਵਿੱਜ ਨੇ ਕਿਹਾ ਕਿ ਜਨਤਾ ਦੀ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਕਬੂਤਰਬਾਜ਼ਾਂ ਤੋਂ ਬਚਾਉਣ ਲਈ ਪਿਛਲੇ ਦਿਨੀਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਹਰਿਆਣਾ ਟਰੈਵਲ ਏਜੰਟਾਂ ਦੀ ਰਜਿਸਟ੍ਰੇਸ਼ਨ ਅਤੇ ਰੈਗੂਲੇਸ਼ਨ ਬਿਲ 2024 ਨੂੰ ਮਨਜੂਰੀ ਦਿੱਤੀ ਗਈ ਹੈ।ਸਰਕਾਰ ਵੱਲੋਂ ਇਸ ਬਿਲ ਨੂੰ ਪ੍ਰਵਾਨਗੀ ਦੇ ਕੇ ਧੋਖਾਧੜੀ ਗਤੀਵਿਧੀਆਂ ਵਿਚ ਲੱਗੇ ਹੋਏ ਭ੍ਰਿਸ਼ਟ ਟਰੈਵਲ ਏਜੰਟਾਂ ਵੱਲੋਂ ਧੋਖਾ ਖਾਣ ਵਾਲੇ ਪੰਜਾਬ ਅਤੇ ਹਰਿਆਣਾ ਰਾਜ ਦੇ ਵਿਅਕਤੀਆਂ ਦੀ ਪ੍ਰੇਸ਼ਾਨੀ ਘੱਟ ਕਰਨ ਦੀ ਸਾਹਸੀ ਪਹਿਲ ਕੀਤੀ ਗਈ ਹੈ।
ਗ੍ਰਹਿ ਮੰਤਰੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ।ਉਨ੍ਹਾਂ ਨੇ ਬਹੁਤਿਆਂ ਮਾਮਲਿਆਂ ਵਿਚ ਸਬੰਧਿਤ ਪੁਲੀਸ ਅਧਿਕਾਰੀਆਂ ਨੂੰ ਕਾਲ ਕਰਕੇ ਐਸਆਈਟੀ ਗਠਿਤ ਕਰਨ ਅਤੇ ਕਈ ਮਾਮਲਿਆਂ ਵਿਚ ਵਿਸ਼ੇਸ਼ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।

Leave a Reply

Your email address will not be published. Required fields are marked *