ਹਰਿਆਣਾ ਸਰਕਾਰ ਨੇ ਨੌਂ ਮੈਂਬਰ ਨਾਮਜ਼ਦ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ।
ਸ਼ਾਹਬਾਦ ਮਾਰਕੰਡਾ 3 ਮਈ (ਅਵਤਾਰ ਸਿੰਘ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਛੇਤੀ ਹੋ ਜਾਵੇਗਾ, ਕਮੇਟੀ ਦੇ ਗਠਨ ਨੂੰ ਲੈ ਕੇ ਜਿਹੜੇ ਨੌਂ ਮੈਂਬਰ ਨਾਮਜ਼ਦ ਕਰਨੇ ਸਨ, ਉਸ ਸਬੰਧ ਵਿੱਚ ਹਰਿਆਣਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ। ਸੂਬੇ ਭਰ ਵਿੱਚੋਂ ਚੁਣੇ ਗਏ 40 ਮੈਂਬਰ ਨੌਂ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਦੀ ਚੋਣ ਕਰਨਗੇ ।
ਉਕਤ ਜਾਣਕਾਰੀ ਸ਼ਾਹਬਾਦ ਤੋਂ ਹਰਿਆਣਾ ਕਮੇਟੀ ਦੇ ਚੁਣੇ ਗਏ ਸੀਨੀਅਰ ਮੈਂਬਰ ਸਰਦਾਰ ਦੀਦਾਰ ਸਿੰਘ ਨਲਵੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨੌਂਂ ਮੈਂਬਰਾਂ ਦੀ ਨਿਯੁਕਤੀ ਨੂੰ ਲੈ ਕੇ ਨਵੀਂ ਕਮੇਟੀ ਦੇ ਗਠਨ ਦਾ ਕੰਮ ਲਟਕਿਆ ਹੋਇਆ ਸੀ, ਜੋ ਹੁਣ ਪੂਰਾ ਹੋ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ ਕੱਲ੍ਹ ਐਤਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ ਤੇ ਚੁਣੇ ਗਏ 40 ਮੈਂਬਰਾਂ ਦੀ ਇੱਕ ਮੀਟਿੰਗ ਵੀ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨਵੀਂ ਕਮੇਟੀ ਦੇ ਗਠਨ ਨੂੰ ਲੈ ਕੇ ਆਪਸੀ ਸਲਾਹ ਮਸ਼ਵਰਾ ਅਤੇ ਵਿਚਾਰ ਵਟਾਂਦਰਾ ਕਰਨਗੇ।
ਹਰਿਆਣਾ ਕਮੇਟੀ ਦੇ ਗਠਨ ਨੂੰ ਲੈ ਕੇ ਲੰਬੀ ਲੜਾਈ ਲੜਨ ਵਾਲੇ ਸ੍ਰੀ ਨਲਵੀ ਨੇ ਆਪਣੇ ਚੁਣੇ ਹੋਏ ਸਾਥੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਨੌਂ ਮੈਂਬਰ ਨਾਮਜ਼ਦ ਕਰਨੇ ਹਨ, ਕੋਸ਼ਿਸ਼ ਕੀਤੀ ਜਾਵੇ ਉਨ੍ਹਾਂ ਵਿੱਚ ਪਛੜੀਆਂ ਜਾਤੀਆਂ ਜਿਵੇਂ ਸ਼ਿਕਲੀ ਕਰ, ਵਣਜਾਰੇ ਆਦਿ ਵਰਗ ਦੇ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾਂ ਜਾਵੇ। ਤਾ ਕਿ ਹਰਿਆਣਾ ਕਮੇਟੀ ਦੇ ਗਠਨ ਵਿੱਚ ਸਾਰੇ ਵਰਗਾਂ ਦੇ ਲੋਕਾਂ ਦੀ ਹਿੱਸੇਦਾਰੀ ਹੋ ਸਕੇ। ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਦੇ ਗਠਨ ਨੂੰ ਲੈ ਕੇ ਅੱਜ ਨਾ ਕੇਵਲ ਹਰਿਆਣਾ ਦੇ ਸਿੱਖ ਬਲਕਿ ਪੂਰੇ ਹਿੰਦੁਸਤਾਨ ਦੇ ਸਿੱਖ ਵੇਖ ਰਹੇ ਹਨ। ਨਲਵੀ ਨੇ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਬਣਨ ਵਾਲੀ ਕਮੇਟੀ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਵੇਗੀ ਅਤੇ ਸੂਬੇ ਦੇ ਇਤਿਹਾਸਿਕ ਅਤੇ ਪ੍ਰਸਿੱਧ ਗੁਰਦੁਆਰਿਆਂ ਦੀ ਦੇਖ ਰੇਖ ਅਤੇ ਤਰੱਕੀ ਲਈ ਸਰਕਾਰ ਤੋਂ ਸਹਿਯੋਗ ਵੀ ਲਵੇਗੀ। ਉਨ੍ਹਾਂ ਚੁਣੇ ਹੋਏ ਸਾਰੇ ਮੈਂਬਰਾਂ ਨੂੰ ਇੱਕਜੁੱਟ ਹੋ ਕੇ ਚੱਲਣ ਦੀ ਅਪੀਲ ਵੀ ਕੀਤੀ ਹੈ ਤਾਂ ਕਿ ਬਿਨਾਂ ਕਿਸੇ ਖਿਚਾ ਤਾਣੀ ਅਤੇ ਵਿਵਾਦ ਤੋਂ ਸੂਬੇ ਦੀ ਸਾਫ ਸੁਥਰੀ ਅਤੇ ਚੰਗੇ ਅਕਸ ਵਾਲੀ ਕਮੇਟੀ ਦਾ ਗਠਨ ਕੀਤਾ ਜਾ ਸਕੇ।
