The presentation of the play “Aakhri Panna” made the audience emotional.

ਪ੍ਰਮੋਦ ਪੱਬੀ ਦੀ ਅਦਾਕਾਰੀ ਨੇ ਛਾਪ ਛੱਡੀ

ਬੀਪੀ ਬਿਊਰੋ
ਅੰਬਾਲਾ, 1 ਅਕਤੂਬਰ

ਵੀਐਮਐਸ ਫਾਊਂਡੇਸ਼ਨ ਵੱਲੋਂ ਕਲਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਹਰਿਆਣਾ ਅਤੇ ਜੀਐਮਐਨ ਕਾਲਜ ਦੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਪ੍ਰਸਿੱਧ ਅਭਿਨੇਤਰੀ ਅਤੇ ਨਿਰਦੇਸ਼ਕ ਕਮਲੇਸ਼ ਸ਼ਰਮਾ ਵੱਲੋਂ ਲਿਖਿਆਂ ਤੇ ਨਿਰਦੇਸ਼ਤ ਕੀਤਾ ਨਾਟਕ ‘ਆਖ਼ਰੀ ਪੰਨਾ’ ਜੀਐਮਐਨ ਕਾਲਜ ਅੰਬਾਲਾ ਕੈਂਟ ਦੇ ਆਡੀਟੋਰੀਅਮ ਵਿਚ ਖੇਡਿਆ ਗਿਆ। ਇਸ ਨਾਟਕ ਵਿਚ ਫ਼ਿਲਮਾਂ ਅਤੇ ਮੰਚ ਦੇ ਕਲਾਕਾਰ ਤੇ ਨਿਰਦੇਸ਼ਕ ਪ੍ਰਮੋਦ ਪੱਬੀ ਨੇ ਅਜਿਹੇ ਸੇਵਾਮੁਕਤ ਫੌਜੀ ਅਧਿਕਾਰੀ ਦੀ ਮੁੱਖ ਭੂਮਿਕਾ ਨਿਭਾਈ ਜਿਸ ਦੀ ਜੀਵਨ ਸਾਥਣ ਚਲਾਣਾ ਕਰ ਚੁੱਕੀ ਹੈ ਅਤੇ ਇੱਕੋ ਇਕ ਬੇਟਾ ਕੈਨੇਡਾ ਚਲਾ ਗਿਆ ਹੈ ਤੇ ਉਹ ਆਪਣਾ ਸਮਾ ਗੁਜ਼ਾਰਨ ਤੇ ਇਕੱਲਤਾ ਨੂੰ ਦੂਰ ਕਰਨ ਲਈ ਮਕਾਨ ਵੇਚਣ ਦਾ ਇਸ਼ਤਿਹਾਰ ਦੇ ਕੇ ਮਕਾਨ ਵੇਖਣ ਆਉਣ ਵਾਲਿਆਂ ਨਾਲ ਲੰਮੀਆਂ ਗੱਲਾਂ ਛੋਹ ਲੈਂਦਾ ਹੈ, ਆਪਣੇ ਹੱਥੀਂ ਉਨ੍ਹਾਂ ਦੀ ਸੇਵਾ ਵੀ ਕਰਦਾ ਹੈ। ਕਦੇ ਕਦੇ ਪੁਰਾਣੀਆਂ ਯਾਦਾਂ ਵਿਚ ਗੁਆਚ ਜਾਂਦਾ ਹੈ। ਉਹ ਡਿਪਰੈਸ਼ਨ ਦਾ ਸ਼ਿਕਾਰ ਹੈ ਅਤੇ ਅਖੀਰ ਆਪਣੇ ਬੇਟੇ ਲਈ ਡਾਇਰੀ ਦਾ ਆਖ਼ਰੀ ਪੰਨਾ ਲਿਖਦਾ ਹੈ ਤੇ ਕੁਰਸੀ ਤੇ ਬੈਠਿਆਂ ਚਲਾਣਾ ਕਰ ਜਾਂਦਾ ਦਾ ਹੈ। ਜਿਸ ਰਾਤ ਫੌਜੀ ਅਧਿਕਾਰੀ ਦੀ ਮੌਤ ਹੁੰਦੀ ਹੈ ਉਸੇ ਰਾਤ ‘ਸਰਪ੍ਰਾਈਜ਼’ ਦੇਣ ਲਈ ਉਸ ਦਾ ਬੇਟਾ ਕੈਨੇਡਾ ਤੋਂ ਘਰ ਪੁੱਜਦਾ ਹੈ ਅਤੇ ਆਪਣੇ ਬਾਪ ਦੀ ਲਾਸ਼ ਵੇਖਦਾ ਹੈ। ਉਹ ਕਰੁਣਾਮਈ ਅਵਾਜ਼ ਵਿਚ ਵਿਰਲਾਪ ਕਰਦਿਆਂ ਮੰਚ ਤੋਂ ਨਵੀਂ ਪੀੜ੍ਹੀ ਨੂੰ ਆਪਣੇ ਬਜ਼ੁਰਗ ਮਾਪਿਆਂ ਦਾ ਖ਼ਿਆਲ ਰੱਖਣ ਦਾ ਸੰਦੇਸ਼ ਦਿੰਦਾ ਹੈ। ਇਹ ਨਾਟਕ ਹਰੇਕ ਉਸ ਆਦਮੀ ਦੀ ਪੀੜਾ ਨੂੰ ਸਾਕਾਰ ਕਰਦਾ ਹੈ ਜੋ ਜ਼ਿੰਦਗੀ ਦੇ ਆਖ਼ਰੀ ਪੜਾਅ ਤੇ ਇਕਲੱਤਾ ਦਾ ਜੀਵਨ ਗੁਜ਼ਾਰਨ ਲਈ ਮਜਬੂਰ ਹੈ।
ਰੌਸ਼ਨੀਆਂ, ਸੰਗੀਤ ਅਤੇ ਪਾਸਟ ਨੂੰ ਦਰਸਾਉਂਦੀਆਂ ਆਵਾਜ਼ਾਂ ਦੀ ਵਰਤੋਂ ਨਾਟਕ ਦੇ ਕਾਰਜ ਅਤੇ ਸੰਦੇਸ਼ ਨੂੰ ਸਫਲਤਾ ਸਹਿਤ ਮੂਰਤੀਮਾਨ ਕਰਦੇ ਹਨ ਜਿਸ ਲਈ ਸੰਜੀਵ ਭਾਟੀਆ ਨੂੰ ਸ਼ਾਬਾਸ਼ੇ ਦੇਣੀ ਬਣਦੀ ਹੈ। ਇਸ ਮੌਕੇ ਤੇ ਜੀਐਮਐਨ ਕਾਲਜ ਦੀ ਗਵਰਨਿੰਗ ਬਾਡੀ ਦੇ ਪ੍ਰਧਾਨ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਗੁਰਦੇਵ ਸਿੰਘ ਮੁੱਖ ਮਹਿਮਾਨ ਸਨ ਜਦੋਂ ਕਿ ਲੇਖਕ ਪ੍ਰੋ. ਰਤਨ ਸਿੰਘ‌, ਲੇਖਕ ਅਤੇ ਜਰਨਲਿਸਟ ਬਲਰਾਮ ਸੈਣੀ ਅਤੇ ਪ੍ਰਿੰਸੀਪਲ ਡਾ. ਰੋਹਿਤ ਦੱਤ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਇਸ ਮੌਕੇ ਥੀਏਟਰ ਦੀਆਂ ਪ੍ਰਸਿੱਧ ਹਸਤੀਆਂ ਭਾਰਤ ਸਪੋਰੀ, ਅਰਵਿੰਦ ਸੂਰੀ. ਜਸਦੀਪ ਬੇਦੀ, ਡਾ. ਮਨਜੀਤ ਕੌਰ, ਆਦਿ ਮੰਚ ਦੇ ਪ੍ਰਧਾਨ ਸ਼੍ਰੀ ਜੱਗੀ ਤੇ ਗੀਤਾ ਧੀਮਾਨ, ਪ੍ਰੋ. ਗੁਰਦੇਵ ਸਿੰਘ ਦੇਵ ਆਦਿ ਮੌਜੂਦ ਸਨ। ਨਾਟਕ ਏਨਾ ਪ੍ਰਭਾਵਸ਼ਾਲੀ ਸੀ ਕਿ ਵਿਦਿਆਰਥੀ ਅਤੇ ਆਮ ਦਰਸ਼ਕ ਅਖੀਰ ਤੱਕ ਬੈਠੇ ਰਹੇ। ਅੰਤ ਵਿਚ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਨਾਟਕ ਦੀ ਲੇਖਕ ਅਤੇ ਨਿਰਦੇਸ਼ਕ ਕਮਲੇਸ਼ ਸ਼ਰਮਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਹ ਨਾਟਕ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਅਤੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਵਿਚ ਸਫਲ ਰਿਹਾ ਹੈ।

Leave a Reply

Your email address will not be published. Required fields are marked *