Heartbreaking incident in Panchkula

ਕਰਜ਼ੇ ਵਿਚ ਡੁੱਬੇ ਪਰਿਵਾਰ ਦੇ 7 ਜੀਆਂ ਨੇ ਕੀਤੀ ਖ਼ੁਦਕੁਸ਼ੀ

ਪੰਚਕੂਲਾ, 27 ਮਈ (ਬੀਪੀ ਬਿਊਰੋ)

ਪੰਚਕੂਲਾ ਵਿਚ ਹੋ ਰਹੇ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਦੇ ਕਥਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇਹਰਾਦੂਨ (ਉੱਤਰਾਖੰਡ) ਤੋਂ ਆਏ ਪਰਿਵਾਰ ਦੇ 7 ਜੀਆਂ ਨੇ ਸੋਮਵਾਰ ਦੇਰ ਰਾਤ ਕਾਰ ਵਿਚ ਇਕੱਠਿਆਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। 6 ਜਣੇ ਘਰ ਦੇ ਬਾਹਰ ਖੜ੍ਹੀ ਦੇਹਰਾਦੂਨ ਨੰਬਰ ਦੀ ਕਾਰ ਵਿਚ ਅਤੇ ਇਕ ਬਾਹਰ ਤੜਪ ਰਿਹਾ ਸੀ। ਸੂਚਨਾ ਮਿਲਦਿਆਂ ਹੀ ਡਾਇਲ 112 ਦੀ ਟੀਮ ਮੌਕੇ ਤੇ ਪਹੁੰਚੀ ਜਿਸ ਨੇ 6 ਜਣਿਆਂ ਨੂੰ ਸੈਕਟਰ 26 ਦੇ ਇਕ ਨਿੱਜੀ ਹਸਪਤਾਲ ਅਤੇ ਇਕ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮਰਨ ਵਾਲਿਆਂ ਵਿਚ ਪ੍ਰਵੀਣ ਮਿੱਤਲ, ਉਸ ਦੀ ਪਤਨੀ, ਬਜ਼ੁਰਗ ਪਿਤਾ ਦੇਸ ਰਾਜ ਮਿੱਤਲ ਤੇ ਮਾਤਾ ਅਤੇ 3 ਬੱਚੇ ਸ਼ਾਮਲ ਹਨ। ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ।ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ ਸੋਮਵਾਰ ਰਾਤ ਲਗਭਗ 11 ਵਜੇ ਡਾਇਲ 112 ‘ਤੇ ਸੂਚਨਾ ਮਿਲੀ ਕਿ ਘਰ ਨੰਬਰ 1204 ਦੇ ਬਾਹਰ ਖੜੀ ਕਾਰ ਵਿੱਚ ਬੈਠੇ ਕੁਝ ਲੋਕਾਂ ਨੇ ਜ਼ਹਿਰ ਨਿਗਲ ਲਿਆ ਹੈ, ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਕਾਰ ਵਿੱਚ ਸਵਾਰ ਛੇ ਲੋਕਾਂ ਨੂੰ ਸੈਕਟਰ-26 ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇੱਕ ਹੋਰ ਆਦਮੀ ਦਰਦ ਨਾਲ ਕਰਾਹੁੰਦਾ ਹੋਇਆ ਘਰੋਂ ਬਾਹਰ ਆਇਆ ਜਿਸ ਨੂੰ ਪੁਲੀਸ ਇਲਾਜ ਲਈ ਸੈਕਟਰ-6 ਦੇ ਸਿਵਲ ਹਸਪਤਾਲ ਲੈ ਗਈ।
ਸੂਚਨਾ ਮਿਲਣ ਤੋਂ ਬਾਅਦ ਡੀਸੀਪੀ ਹਿਮਾਦਰੀ ਕੌਸ਼ਿਕ ਅਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਡੀਸੀਪੀ ਨੇ ਕਿਹਾ ਕਿ ਪਹਿਲੀ ਨਜ਼ਰੇ ਪਰਿਵਾਰ ਨੇ ਖ਼ੁਦਕੁਸ਼ੀ ਕੀਤੀ ਹੈ। ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਪ੍ਰਵੀਨ ਮਿੱਤਲ ਨੇ ਕੁਝ ਸਮਾਂ ਪਹਿਲਾਂ ਦੇਹਰਾਦੂਨ ਵਿੱਚ ਟੂਰ ਐਂਡ ਟਰੈਵਲ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਕਿ ਨਹੀਂ ਚੱਲਿਆ ਅਤੇ ਘਾਟਾ ਪੈਣ ਕਰਕੇ ਉਹ ਕਰਜ਼ੇ ਵਿੱਚ ਡੁੱਬ ਗਿਆ। ਮਾਲੀ ਹਾਲਤ ਏਨੀ ਨਿੱਘਰ ਗਈ ਕਿ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ। ਇਸੇ ਗੱਲੋਂ ਪ੍ਰੇਸ਼ਾਨ ਹੋ ਕੇ ਕਥਾ ਸੁਣਨ ਤੋਂ ਬਾਅਦ ਵਾਪਸ ਮੁੜਦਿਆਂ ਪਰਿਵਾਰ ਨੇ ਖ਼ਤਰਨਾਕ ਕਦਮ ਚੁੱਕ ਲਿਆ।

Leave a Reply

Your email address will not be published. Required fields are marked *