ਜੇ ਜੋਤੀ ਦੋਸ਼ੀ ਸਾਬਤ ਹੋ ਜਾਂਦੀ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਜ਼ਮਾਨਤ ਵੀ ਨਹੀਂ ਮਿਲੇਗੀ
ਅੰਬਾਲਾ, 22 ਮਈ (ਬੀਪੀ ਬਿਊਰੋ)
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ 16 ਮਈ ਨੂੰ ਗ੍ਰਿਫ਼ਤਾਰ ਕੀਤੀ ਗਈ ਹਿਸਾਰ ਨਿਵਾਸੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਪੰਜ ਦਿਨਾਂ ਦਾ ਰਿਮਾਂਡ ਮੁੱਕਣ ਤੇ ਅੱਜ ਸਵੇਰੇ ਸਾਢੇ 9 ਵਜੇ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਡੇੜ੍ਹ ਘੰਟੇ ਦੀ ਬਹਿਸ ਤੋਂ ਬਾਅਦ ਪੁਲੀਸ ਨੇ ਉਸ ਦਾ ਚਾਰ ਦਿਨਾਂ ਦਾ ਹੋਰ ਰਿਮਾਂਡ ਹਾਸਲ ਕਰ ਲਿਆ।ਇਸ ਦੌਰਾਨ ਕਿਸੇ ਵੀ ਪੁਲੀਸ ਅਧਿਕਾਰੀ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਜੋਤੀ ਦੇ ਪਿਤਾ ਹਰੀਸ਼ ਮਲਹੋਤਰਾ ਨੂੰ ਵੀ ਜੋਤੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਪੰਜ ਦਿਨਾਂ ਦੇ ਰਿਮਾਂਡ ਦੌਰਾਨ ਰਾਸ਼ਟਰੀ ਜਾਂਚ ਏਜੰਸੀ (ਐਨਆਈਏ), ਖੁਫ਼ੀਆ ਬਿਊਰੋ (ਆਈਬੀ), ਮਿਲਟਰੀ ਇੰਟੈਲੀਜੈਂਸ ਅਤੇ ਸੀਆਈਏ ਪੁਲੀਸ ਨੇ ਜੋਤੀ ਤੋਂ ਜੋ ਜਾਣਕਾਰੀ ਅਤੇ ਸਬੂਤ ਇਕੱਠੇ ਕੀਤੇ ਹਨ ਉਨ੍ਹਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਹੋਵੇਗੀ।ਤਿੰਨ ਦਿਨਾਂ ਪੁੱਛਗਿੱਛ ਦੌਰਾਨ ਸਾਰੀਆਂ ਏਜੰਸੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਤੱਥ ਇਕੱਠੇ ਕਰਕੇ ਰਿਪੋਰਟਾਂ ਤਿਆਰ ਕੀਤੀਆਂ ਹਨ। ਜਾਂਚ ਅਧਿਕਾਰੀ ਇੰਸਪੈਕਟਰ ਨਿਰਮਲਾ ਨੇ ਜੋਤੀ ਤੋਂ ਯੂ ਟਿਊਬ ‘ਤੇ ਵੀਡੀਓ ਬਣਾਉਣ ਅਤੇ ਉਸ ਦੀਆਂ ਤਿੰਨ ਪਾਕਿਸਤਾਨ ਯਾਤਰਾਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਪਹਿਲਗਾਮ ਘਟਨਾ ਤੋਂ ਬਾਅਦ ਬਣੇ ਵੀਡੀਓ ਬਾਰੇ ਵੀ ਪੁੱਛਗਿੱਛ ਕੀਤੀ ਹੈ। ਪੁਲੀਸ ਨੇ ਰਿਮਾਂਡ ਦੌਰਾਨ ਪੂਰੀ ਕਹਾਣੀ ਤਿਆਰ ਕਰਕੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੀ।
ਜੋਤੀ ‘ਤੇ ਬੀਐਨਐਸ ਦੀ ਧਾਰਾ 152 ਦੇ ਨਾਲ-ਨਾਲ ਅਧਿਕਾਰਤ ਭੇਦ ਐਕਟ, 1923 ਦੀ ਧਾਰਾ 3, 4 ਅਤੇ 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਧਾਰਾਵਾਂ ਬਹੁਤ ਗੰਭੀਰ ਹਨ। ਭਾਰਤੀ ਦੰਡ ਸੰਹਿਤਾ (ਬੀਐਨਐਸ) ਦੀ ਧਾਰਾ 152 ਉਨ੍ਹਾਂ ਲੋਕਾਂ ਵਿਰੁੱਧ ਲਾਈ ਜਾਂਦੀ ਹੈ ਜੋ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਨ ਜਾਂ ਕਿਸੇ ਵੀ ਤਰੀਕੇ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦੇ ਹਨ ਅਤੇ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਜੇ ਜੋਤੀ ਨੂੰ ਉਸ ਦੇ ਖ਼ਿਲਾਫ਼ ਲਾਈਆਂ ਗਈਆਂ ਗੰਭੀਰ ਧਾਰਾਵਾਂ ਦੇ ਤਹਿਤ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਜਦੋਂ ਕਿ ਭਾਰਤੀ ਦੰਡਾਵਲੀ ਦੀ ਧਾਰਾ 152 ਦੇ ਤਹਿਤ ਜ਼ਮਾਨਤ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਧਾਰਾ ਦਾ ਮੁੱਖ ਉਦੇਸ਼ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅਜੇ ਤੱਕ ਕਿਸੇ ਵਕੀਲ ਨੇ ਜੋਤੀ ਦਾ ਕੇਸ ਨਹੀਂ ਲਿਆ।