ਬਦਮਾਸ਼ਾਂ ਨੇ ਗੋਇਲ ਸਵੀਟਸ ਰੈਸਟੋਰੈਂਟ ‘ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਅੰਬਾਲਾ, 24 ਮਈ (ਬੀਪੀ ਬਿਊਰੋ)
ਅੱਜ ਸਵੇਰੇ ਅੰਬਾਲਾ ਜ਼ਿਲ੍ਹੇ ਦਾ ਕਸਬਾ ਨਰਾਇਣਗੜ੍ਹ ਇਕ ਬੇਰ ਫਿਰ ਗੋਲੀਆਂ ਦੀ ਅਵਾਜ਼ ਨਾਲ ਦਹਿਲ ਗਿਆ। ਸ਼ਨੀਵਾਰ ਸਵੇਰੇ ਕਰੀਬ 8 ਵਜੇ ਬਾਈਕ ਤੇ ਸਵਾਰ ਹੋ ਕੇ ਆਏ ਨਕਾਬਪੋਸ਼ ਬਦਮਾਸ਼ਾਂ ਨੇ ਗੋਇਲ ਸਵੀਟਸ ਐਂਡ ਰੈਸਟੋਰੈਂਟ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ ਵੇਰ ਫਿਰ ਸ਼ਹਿਰ ਵਿਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਲਗਭਗ ਅੱਠ ਗੋਲੀਆਂ ਚਲਾਈਆਂ ਜਿਸ ਨਾਲ ਇਲਾਕੇ ਵਿੱਚ ਸਹਿਮ ਛਾ ਗਿਆ। ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਮਿਲੀ ਹੈ ਕਿ ਗੋਇਲ ਸਵੀਟਸ ਰੈਸਟੋਰੈਂਟ ਦੇ ਸੰਚਾਲਕ ਨੂੰ ਪਹਿਲਾਂ ਧਮਕੀ ਭਰਿਆ ਫੋਨ ਆਇਆ ਸੀ ਅਤੇ ਅੱਜ ਸਵੇਰੇ ਬਦਮਾਸ਼ਾਂ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ। ਚਸ਼ਮਦੀਦਾਂ ਅਨੁਸਾਰ ਬਾਈਕ ‘ਤੇ ਸਵਾਰ ਦੋ ਤੋਂ ਤਿੰਨ ਬਦਮਾਸ਼ ਰੈਸਟੋਰੈਂਟ ਦੇ ਬਾਹਰ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤੇਜ਼ੀ ਨਾਲ ਭੱਜ ਗਏ। ਘਟਨਾ ਸਮੇਂ ਰੈਸਟੋਰੈਂਟ ਵਿੱਚ ਮੌਜੂਦ ਲੋਕ ਘਬਰਾ ਗਏ। ਪੁਲੀਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਪੁਲੀਸ ਮੁਲਜ਼ਮਾਂ ਤੱਕ ਪਹੁੰਚਣ ਲਈ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

