ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਪੂਰੀ ਦੁਨੀਆਂ ਵਿਚ ਪੱਗ ਦੀ ਪਹਿਚਾਣ ਹੋਈ-ਜਥੇਦਾਰ ਟੱਕਰ
ਅੰਬਾਲਾ, 23 ਮਈ (ਬੀਪੀ ਬਿਊਰੋ)
ਹਰਿਆਣਾ ਦੇ ਸਿੱਖ ਆਗੂ ਜਥੇਦਾਰ ਚਰਨਜੀਤ ਸਿੰਘ ਟੱਕਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਉਹ ਚਿੱਠੀ ਵਾਪਸ ਲੈਣ ਦੀ ਬੇਨਤੀ ਕੀਤੀ ਹੈ ਜਿਸ ਵਿੱਚ ਭਾਈ ਸਾਹਿਬ ਨੇ ਸਰਦਾਰ ਮਨਮੋਹਨ ਸਿੰਘ ਜੀ ਦੀ ਫੋਟੋ ਕੇਂਦਰੀ ਅਜਾਇਬ ਘਰ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਚ ਲਾਉਣ ਤੇ ਇਤਰਾਜ਼ ਪ੍ਰਗਟ ਕੀਤਾ ਹੈ। ਜਥੇਦਾਰ ਟੱਕਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਰਦਾਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਪੂਰੀ ਦੁਨੀਆ ਵਿੱਚ ਪੱਗ ਦੀ ਪਹਿਚਾਣ ਹੋਈ ਸੀ ਅਤੇ ਵਿਸ਼ਵ ਭਰ ਦੇ ਸਿੱਖਾਂ ਦਾ ਰੁਤਬਾ ਉੱਚਾ ਹੋਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਦਾ ਕੇਵਲ ਇੱਕੋ ਇੱਕ ਸਿੱਖ ਪ੍ਰਧਾਨ ਮੰਤਰੀ ਹੋਇਆ ਹੈ, ਨਾ ਕਦੀ ਸ੍ਰ ਮਨਮੋਹਨ ਸਿੰਘ ਤੋਂ ਪਹਿਲਾਂ ਅਤੇ ਨਾ ਕਦੇ ਬਾਅਦ ਕਿਸੇ ਸਿੱਖ ਨੂੰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ।ਇਸ ਲਈ ਭਾਈ ਰਾਜੋਆਣਾ ਸਾਹਿਬ ਨੂੰ ਹਰਿਆਣਾ ਦੇ ਸਿੱਖਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਆਪਣੀ ਗੱਲ ਤੇ ਦੁਬਾਰਾ ਵਿਚਾਰ ਕਰਨ। ਜਥੇਦਾਰ ਟੱਕਰ ਨੇ ਕਿਹਾ ਕਿ ਭਾਈ ਸਾਹਿਬ ਨੂੰ ਆਪਣੀ ਚਿੱਠੀ ਵਾਪਸ ਲੈਣੀ ਚਾਹੀਦੀ ਹੈ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾਂ ਕਿਸੇ ਰੁਕਾਵਟ ਤੋਂ ਡਾ. ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਅਜਾਇਬ ਘਰ ਵਿਚ ਲਾਉਣ ਦੇ ਕੰਮ ਨੂੰ ਨਿਰਵਿਘਨ ਸਿਰੇ ਚੜ੍ਹਾ ਸਕੇ।
