ਕਰਮਜੀਤ ਕੌਰ ਕਤਲ ਮਾਮਲੇ ਵਿਚ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਤੇ ਪਰਿਵਾਰ ਵਾਲੇ ਐਸਡੀਐਮ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ

ਅੰਬਾਲਾ, 16 ਮਈ (ਬੀਪੀ ਬਿਊਰੋ)
ਅੰਬਾਲਾ ਦੇ ਮੌਹੜਾ ਪਿੰਡ ਵਿਚ 10 ਅਪ੍ਰੈਲ ਨੂੰ ਨਵ ਵਿਆਹੁਤਾ 24 ਸਾਲਾ ਕਰਮਜੀਤ ਕੌਰ ਦੀ ਸ਼ੱਕੀ ਹਾਲਤਾਂ ਵਿਚ ਹੋਈ ਮੌਤ ਦੇ ਮਾਮਲੇ ਵਿਚ ਇਨਸਾਫ਼ ਲਈ ਮ੍ਰਿਤਕਾ ਦਾ ਪੇਕਾ ਪਰਿਵਾਰ ਭਟਕ ਰਿਹਾ ਹੈ। ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਗੁੱਸੇ ਵਿਚ ਆਏ ਪਰਿਵਾਰਕ ਮੈਂਬਰ ਸ਼ੁੱਕਰਵਾਰ ਨੂੰ ਇਕੱਠੇ ਹੋ ਕੇ ਅੰਬਾਲਾ ਛਾਉਣੀ ਦੇ ਐਸਡੀਐਮ ਦਫ਼ਤਰ ਦੇ ਬਾਹਰ ਚਟਾਈ ਵਿਛਾ ਕੇ ਧਰਨੇ ‘ਤੇ ਬੈਠ ਗਏ। ਧਰਨਾਕਾਰੀਆਂ ਵਿਚ ਔਰਤਾਂ ਦੀ ਗਿਣਤੀ ਵੀ ਕਾਫੀ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇਕ ਹਫ਼ਤਾ ਪਹਿਲਾਂ ਉਨ੍ਹਾਂ ਨੇ ਮ੍ਰਿਤਕਾ ਦੇ ਸਹੁਰੇ ਜਰਨੈਲ ਸਿੰਘ ਦੀ ਗ੍ਰਿਫ਼ਤਾਰੀ ਲਈ ਮੌਹੜਾ ਚੌਕੀ ਦੇ ਬਾਹਰ 7 ਘੰਟੇ ਧਰਨਾ ਦਿੱਤਾ ਸੀ ਜਿਸ ਤੇ ਅੰਬਾਲਾ ਕੈਂਟ ਦੇ ਡੀਐਸਪੀ ਰਮੇਸ਼ ਨੇ ਦੋਸ਼ੀ ਨੂੰ ਇੱਕ ਦਿਨ ਦੇ ਅੰਦਰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ ਪਰੰਤੂ ਇਸ ਦੇ ਬਾਵਜੂਦ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਤੀਜੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਧਰਨੇ ਨੂੰ ਦੇਖਦਿਆਂ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ। ਸੰਪਰਕ ਕਰਨ ਤੇ ਮ੍ਰਿਤਕਾ ਦੇ ਭਰਾ ਕਰਮਵੀਰ ਨੇ ਦੱਸਿਆ ਕਿ ਡੀਐਸਪੀ ਅੰਬਾਲਾ ਕੈਂਟ ਰਮੇਸ਼ ਨੇ ਮੌਕੇ ਤੇ ਪਹੁੰਚ ਕੇ ਸੋਮਵਾਰ ਨੂੰ ਐਸ.ਪੀ ਅੰਬਾਲਾ ਨਾਲ ਮੁਲਾਕਾਤ ਕਰਾਉਣ ਦਾ ਭਰੋਸਾ ਦਿੱਤਾ ਹੈ।
ਦੱਸ ਦੇਈਏ ਕਿ 9-10 ਅਪ੍ਰੈਲ ਦੀ ਰਾਤ ਨੂੰ ਪਿੰਡ ਮੌਹੜਾ ਵਿੱਚ 24 ਸਾਲਾ ਨਵ-ਵਿਆਹੁਤਾ ਕਰਮਜੀਤ ਕੌਰ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕਾ ਦੀ ਗਰਦਨ ‘ਤੇ ਵੀ ਨਿਸ਼ਾਨ ਮਿਲੇ ਸਨ। ਕਰਮਜੀਤ ਕੌਰ ਦੇ ਪੇਕਾ ਪਰਿਵਾਰ ਨੇ ਪਤੀ ‘ਤੇ ਨਵ-ਵਿਆਹੀ ਲਾੜੀ ਦਾ ਗਲ਼ਾ ਘੁੱਟ ਕੇ ਕਤਲ ਕਰਨ ਦਾ ਦੋਸ਼ ਲਾਇਆ ਸੀ। ਮ੍ਰਿਤਕਾ ਦੇ ਭਰਾ ਕਰਮਵੀਰ ਨੇ ਪੁਲੀਸ ਨੂੰ ਦੱਸਿਆ ਸੀ ਕਿ ਕਰਮਜੀਤ ਕੌਰ ਦਾ ਵਿਆਹ 6 ਫਰਵਰੀ 2024 ਨੂੰ ਮੌਹੜਾ ਦੇ ਮੋਹਿਤ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਾਜ ਵਿੱਚ ਕਾਰ ਨਾ ਦੇਣ ਲਈ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਥਾਣਾ ਪੜਾਓ ਪੁਲੀਸ ਨੇ ਕਰਮਵੀਰ ਨਿਵਾਸੀ ਸ਼ੇਰਪੁਰ (ਸ਼ਾਹਜ਼ਾਦਪੁਰ) ਦੇ ਬਿਆਨ ਤੇ ਮ੍ਰਿਤਕਾ ਦੇ ਪਤੀ ਮੋਹਿਤ, ਸੱਸ ਰੇਖਾ ਰਾਣੀ ਅਤੇ ਸਹੁਰਾ ਜਰਨੈਲ ਸਿੰਘ ਦੇ ਖ਼ਿਲਾਫ਼ ਦਾਜ ਲਈ ਹੱਤਿਆ ਦਾ ਮਾਮਲਾ ਦਰਜ ਕਰ ਕੇ ਮੋਹਿਤ ਅਤੇ ਰੇਖਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰੰਤੂ ਜਰਨੈਲ ਸਿੰਘ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ।

Leave a Reply

Your email address will not be published. Required fields are marked *