ਨਾਇਬ ਸਰਕਾਰ ਦੀਆਂ ਨੀਤੀਆਂ ਨਾਲ ਅੰਬਾਲਾ ਦਾ ਹੋਵੇਗਾ ਸੰਪੂਰਨ ਵਿਕਾਸ-ਮੇਅਰ ਸ਼ੈਲਜਾ ਸਚਦੇਵਾ

ਕਾਂਗਰਸੀਆਂ ਦੇ ਰੌਲੇ ਦੇ ਬਾਵਜੂਦ ਨਗਰ ਨਿਗਮ ਦਾ 178 ਕਰੋੜ ਦਾ ਬਜਟ ਪਾਸ

ਅੰਬਾਲਾ ਸ਼ਹਿਰ, 8 ਅਪ੍ਰੈਲ (ਐਸ.ਪੀ. ਭਾਟੀਆ)

ਮੇਅਰ ਸ਼ੈਲਜਾ ਸਚਦੇਵਾ ਦੀ ਸੁਯੋਗ ਅਗਵਾਈ ਹੇਠ ਅੰਬਾਲਾ ਨਗਰ ਨਿਗਮ ਦਾ ਕਾਂਗਰਸੀਆਂ ਦੇ ਰੌਲੇ ਦੇ ਬਾਵਜੂਦ ਸਰਬਸੰਮਤੀ ਨਾਲ 178 ਕਰੋੜ ਦਾ ਬਜਟ ਮਨਜ਼ੂਰ ਕਰ ਲਿਆ ਗਿਆ। ਭਾਜਪਾ ਦੇ ਚੋਣ ਨਿਸ਼ਾਨ ਹੇਠ ਪਹਿਲੀ ਵਾਰ ਜਿੱਤਣ ਵਾਲੀ ਮੇਅਰ ਸ਼ੈਲਜਾ ਸਚਦੇਵਾ ਨੇ ਬਜਟ ਸੰਮੇਲਨ ਦੀ ਆਰੰਭਤਾ ਰਾਸ਼ਟਰੀ ਗੀਤ ਨਾਲ ਕੀਤੀ ਅਤੇ ਉਨ੍ਹਾਂ ਨੇ ਸਮੂਹ ਅਧਿਕਾਰੀਆਂ ਤੇ ਨਿਗਮ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਸਾਰੇ ਸੰਮੇਲਨ ਰਾਸ਼ਟਰੀ ਗੀਤ ਨਾਲ ਸ਼ੁਰੂ ਕੀਤੇ ਜਾਣ।
ਕਿੰਗਫਿਸ਼ਰ ਰਿਜ਼ੋਰਟਸ ‘ਚ ਆਯੋਜਿਤ ਇਸ ਬਜਟ ਸੰਮੇਲਨ ‘ਚ 178 ਕਰੋੜ ਰੁਪਏ ਦਾ ਬਜਟ ਸਰਬਸੰਮਤੀ ਨਾਲ ਸਵੀਕਾਰ ਹੋਇਆ। ਮੇਅਰ ਸ਼ੈਲਜਾ ਸਚਦੇਵਾ ਨੇ ਇਸ ਬਜਟ ਨੂੰ ਅੰਬਾਲਾ ਦੇ ਸੰਪੂਰਨ ਵਿਕਾਸ ਦਾ ਮਜ਼ਬੂਤ ਆਧਾਰ ਦੱਸਦਿਆਂ ਆਖਿਆ ਕਿ ਹਰਿਆਣਾ ਦੇ ਮਾਣਯੋਗ ਨਾਯਾਬ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਨੀਤੀਆਂ ‘ਤੇ ਅਧਾਰਿਤ ਇਹ ਬਜਟ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਬਣਾਏਗਾ। ਬਜਟ ਵਿਚ ਹਰ ਵਾਰਡ ਦੇ ਵਿਕਾਸ ਲਈ ਇੱਕ-ਇੱਕ ਕਰੋੜ ਰੁਪਏ ਰੱਖੇ ਗਏ। ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਰੁਕੇ ਵਿਕਾਸ ਕਾਰਜਾਂ ਨੂੰ ਗਤੀ ਮਿਲੇਗੀ ਅਤੇ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਹੋਵੇਗੀ।
ਬਜਟ ਸੰਮੇਲਨ ਤੋਂ ਪਹਿਲਾਂ ਮੇਅਰ, ਡਿਪਟੀ ਮੇਅਰ ਰਾਜੇਸ਼ ਮਹਿਤਾ, ਸੀਨੀਅਰ ਡਿਪਟੀ ਮੇਅਰ ਮੀਨਾ ਢੀਂਗਰਾ, ਨਗਰ ਨਿਗਮ ਕਮਿਸ਼ਨਰ ਸਚਿਨ ਗੁਪਤਾ, ਸੰਯੁਕਤ ਕਮਿਸ਼ਨਰ ਦੀਪਕ ਸੂਰ, ਸੰਯੁਕਤ ਕਮਿਸ਼ਨਰ ਅਦਿਤੀ, ਸੰਯੁਕਤ ਕਮਿਸ਼ਨਰ ਵਿਨੀਤ ਜਾਂਗੜਾ ਅਤੇ ਹੋਰ ਅਧਿਕਾਰੀਆਂ ਨਾਲ ਵਿੱਤ ਕਮੇਟੀ ਦੇ ਸੰਮੇਲਨ ‘ਚ ਬਜਟ ਤਜਵੀਜ਼ਾਂ ‘ਤੇ ਵਿਚਾਰ-ਮੰਥਨ ਹੋਇਆ ਸੀ। ਨਿਗਮ ਸੰਮੇਲਨ ‘ਚ ਸਾਰੇ 20 ਮੈਂਬਰ ਮੌਜੂਦ ਸਨ। ਭਾਰਤੀ ਜਨਤਾ ਪਾਰਟੀ ਦੇ ਬਹੁਮਤ ਕਾਰਨ ਬਜਟ ਧੁਨੀ ਮਤ ਨਾਲ ਮਨਜ਼ੂਰ ਹੋਇਆ।ਮੈਂਬਰ ਮਿਥੁਨ ਵਰਮਾ ਨੇ ਬਜਟ ਦੇ ਕੁਝ ਨੁਕਤਿਆਂ ‘ਤੇ ਇਤਰਾਜ਼ ਜਤਾਉਂਦਿਆਂ ਸੋਧ ਦੀ ਮੰਗ ਉਠਾਈ, ਮਗਰ ਉਸ ਦੀ ਆਵਾਜ਼ ਨੂੰ ਅਣਸੁਣਿਆ ਕਰਦਿਆਂ ਸਦਨ ਨੇ ਬਜਟ ਨੂੰ ਸਹਿਮਤੀ ਦੇ ਦਿੱਤੀ।
ਵਿਕਾਸ ਨੂੰ ਤੇਜ਼ੀ ਦੇਣ ਲਈ 14 ਤਜਵੀਜ਼ਾਂ
ਬਜਟ ਸੰਮੇਲਨ ਮਗਰੋਂ ਸਵੇਰੇ 11:30 ਵਜੇ ਕਿੰਗਫਿਸ਼ਰ ਰਿਜ਼ੋਰਟਸ ਵਿਚ ਹੀ ਦੂਜਾ ਸੰਮੇਲਨ ਆਯੋਜਿਤ ਹੋਇਆ ਜਿਸ ‘ਚ ਅੰਬਾਲਾ ਦੇ ਵਿਕਾਸ ਨੂੰ ਤੇਜ਼ ਕਰਨ ਲਈ 14 ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ। ਨਿਗਮ ਮੈਂਬਰ ਤੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਮਨੀਸ਼ ਅਨੰਦ ਮੰਨੀ ਨੇ ਦੱਸਿਆ ਕਿ ਇਨ੍ਹਾਂ ਤਜਵੀਜ਼ਾਂ ‘ਚ ਮੁੱਖ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਲਈ ਭੂਮੀ ਦੀ ਚੋਣ, ਕਾਂਵਲਾ ‘ਚ ਐਸ.ਟੀ.ਪੀ. ਲਈ ਭੂਮੀ ਚੋਣ, ਹਰਿਆਣਾ ਹੁਨਰ ਵਿਕਾਸ ਰਾਹੀਂ ਕਰਮਚਾਰੀਆਂ ਦੀ ਸੇਵਾ ਮਿਆਦ 31 ਮਾਰਚ 2026 ਤੱਕ ਵਧਾਉਣਾ ਅਤੇ ਅੰਬਾਲਾ ‘ਚ ਸੰਘਣੀ ਬਾਇਓਗੈਸ ਸਥਾਪਨਾ ਵਰਗੇ ਮਹੱਤਵਪੂਰਨ ਮੁੱਦੇ ਸ਼ਾਮਲ ਸਨ। ਸਾਰੀਆਂ ਤਜਵੀਜ਼ਾਂ ਧੁਨੀ ਮਤ ਨਾਲ ਸਰਬਸੰਮਤੀ ਨਾਲ ਮਨਜ਼ੂਰ ਕੀਤੀਆਂ ਗਈਆਂ।
ਸੀਨੀਅਰ ਡਿਪਟੀ ਮੇਅਰ ਮੀਨਾ ਢੀਂਗਰਾ ਤੇ ਡਿਪਟੀ ਮੇਅਰ ਰਾਜੇਸ਼ ਮਹਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਆਖਿਆ ਕਿ ਮੇਅਰ ਸ਼ੈਲਜਾ ਸਚਦੇਵਾ ਵੱਲੋਂ ਪੇਸ਼ ਇਹ ਬਜਟ ਨਾਇਬ ਸੈਣੀ ਸਰਕਾਰ ਦੀਆਂ ਨੀਤੀਆਂ ਦਾ ਸਸ਼ਕਤ ਅਨੁਸਰਨ ਹੈ। ਡਿਪਟੀ ਮੇਅਰ ਰਾਜੇਸ਼ ਮਹਿਤਾ ਨੇ ਕਿਹਾ ਕਿ ਇਸ ਬਜਟ ਰਾਹੀਂ ਅੰਬਾਲਾ ‘ਚ ਨਿਰਮਲਤਾ ਤੇ ਸੁਹੱਪਣ ਦਾ ਨਵ-ਯੁੱਗ ਆਵੇਗਾ, ਨਾਲ ਹੀ ਬੁਨਿਆਦੀ ਢਾਂਚੇ ਦਾ ਸੁਦ੍ਰਿੜ ਵਿਕਾਸ ਹੋਵੇਗਾ। ਸੀਨੀਅਰ ਡਿਪਟੀ ਮੇਅਰ ਮੀਨਾ ਢੀਂਗਰਾ ਨੇ ਕਿਹਾ ਕਿ ਮੇਅਰ ਸ਼ੈਲਜਾ ਸਚਦੇਵਾ ਦੀ ਅਗਵਾਈ ‘ਚ ਅੰਬਾਲਾ ਨਗਰ ਨਿਗਮ ਨਵੇਂ ਸਿਖ਼ਰਾਂ ਨੂੰ ਛੂਹੇਗਾ। ਮੇਅਰ ਸ਼ੈਲਜਾ ਸਚਦੇਵਾ ਨੇ ਇਸ ਮੌਕੇ ਆਖਿਆ ਕਿ ਉਹ ਸੂਬਾ ਸਰਕਾਰ ਨਾਲ ਸਿੱਧੀ ਗੱਲਬਾਤ ਕਰਕੇ ਰੁਕੇ ਕਾਰਜਾਂ ਨੂੰ ਪੂਰਨਤਾ ਤੱਕ ਪਹੁੰਚਾਉਣ ਲਈ ਹਰ ਸੰਭਵ ਜਤਨ ਕਰਨਗੇ।

Leave a Reply

Your email address will not be published. Required fields are marked *

Leave a Reply

Your email address will not be published. Required fields are marked *