ਅੰਬਾਲਾ, 14 ਫਰਵਰੀ (ਬੀਪੀ ਬਿਉਰੋ)
ਅੰਬਾਲਾ ਦੇ ਕਲਾਕਾਰਾਂ ਵੱਲੋਂ ਪ੍ਰਸਿੱਧ ਸਥਾਨਕ ਕਲਾਕਾਰਾ ਕਮਲੇਸ਼ ਸ਼ਰਮਾ ਦੀ ਕਹਾਣੀ ਤੇ ਅਧਾਰਿਤ ਅਤੇ ਅਦਾਕਾਰ ਤੇ ਡਾਇਰੈਕਟਰ ਪ੍ਰਮੋਦ ਪੱਬੀ ਦੀ ਡਾਇਰੈਕਸ਼ਨ ਹੇਠ ਬਣਾਈ ਗਈ ਲਘੂ ਹਿੰਦੀ ਫ਼ਿਲਮ ‘ਰੈਨਸਮ’ ਰਿਲੀਜ਼ ਕੀਤੇ ਜਾਣ ਤੋਂ ਪਹਿਲਾਂ ਅੱਜ ਦੁਪਹਿਰ ਬਾਅਦ ਐਸ.ਡੀ.ਕਾਲਜ ਦੇ ਸੈਮੀਨਾਰ ਹਾਲ ਵਿਚ ਵੱਡੇ ਪਰਦੇ ਤੇ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨੂੰ ਦਿਖਾਈ ਗਈ ਜਿਸ ਤੋਂ ਬਾਅਦ ਇਸ ਫ਼ਿਲਮ ਬਾਰੇ ਚਰਚਾ ਕੀਤੀ ਗਈ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਫ਼ਿਲਮ ਦੀ ਕਹਾਣੀ ਬੱਚੇ ਦੇ ਅਗਵਾ ਹੋਣ ਤੋਂ ਬਾਅਦ ਦੋ ਕਰੋੜ ਦੀ ਰਕਮ ਦਾ ਪ੍ਰਬੰਧ ਕਰਨ ਲਈ ਪਤੀ ਦੀ ਮਰਜ਼ੀ ਦੇ ਖ਼ਿਲਾਫ਼ ਪਤਨੀ ਵੱਲੋਂ ਕਾਲਜ ਸਮੇਂ ਦੇ ਆਸ਼ਕ ਰਹੇ ਸਨਅਤਕਾਰ ਕੋਲੋਂ ਦੋ ਕਰੋੜ ਦੀ ਰਕਮ ਲੈ ਆਉਣ ਤੇ ਪਤੀ-ਪਤਨੀ ਦੇ ਗੂੜ੍ਹੇ ਸਬੰਧਾਂ ਵਿਚ ਪਈਆਂ ਸ਼ੱਕ ਦੀਆਂ ਤਰੇੜਾਂ ਅਤੇ ਔਰਤ ਵਿਚ ਪਿਤਰੀ ਸੱਤਾ ਨੂੰ ਸਵਾਲ ਕਰਨ ਦੀ ਜੁਰਅਤ ਨੂੰ ਦਰਸਾਉਂਦੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਫ਼ਿਲਮ ਵਿਚ ਪਤੀ ਦੀ ਭੂਮਿਕਾ ਵਿਚ ਭੁਵਨ ਚੋਪੜਾ ਅਤੇ ਪਤਨੀ ਦੀ ਭੂਮਿਕਾ ਵਿਚ ਅਸ਼ਲੇਸ਼ਾ ਸਾਵੰਤ ਮੁੰਬਈ ਤੋਂ ਲਏ ਗਏ ਹਨ ਜਦੋਂ ਕਿ ਕਹਾਣੀ ਲੇਖਕਾ ਕਮਲੇਸ਼ ਸ਼ਰਮਾ, ਨਿਰਦੇਸ਼ਕ ਪ੍ਰਮੋਦ ਪੱਬੀ, ਨਿਰਮਾਤਾ ਪਵਨ ਚੋਪੜਾ (ਅਦਾਕਾਰਾ ਪਰਿਨਿਤੀ ਦੇ ਪਿਤਾ), ਵਿਸ਼ੇਸ਼ ਭੂਮਿਕਾ ਵਿਚ ਧਰਮੇਸ਼ ਸੂਦ, ਬੱਚੇ ਦੀ ਭੂਮਿਕਾ ਵਿਚ ਪੁਸ਼ਕਰ, ਅਨਿਲ ਦੱਤਾ, ਗਾਇਕਾ ਸੁਨਾਲੀਕਾ ਧਰ ਸਭ ਅੰਬਾਲਾ ਦੇ ਹਨ। ਫ਼ਿਲਮ ਦੀ ਸਕਰੀਨਿੰਗ ਤੋਂ ਬਾਅਦ ਪ੍ਰਮੋਦ ਪੱਬੀ, ਕਮਲੇਸ਼ ਸ਼ਰਮਾ ਅਤੇ ਪਵਨ ਚੋਪੜਾ ਨੇ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਦੋਂ ਕਿ ਅੰਗਰੇਜ਼ੀ ਭਾਸ਼ਾ ਦੀ ਲੇਖਕਾ ਡਾ. ਸੋਨਿਕਾ ਸੇਠੀ, ਡਾ. ਵਿਜੈ ਸ਼ਰਮਾ, ਪ੍ਰਿੰਸੀਪਲ ਡਾ. ਵਿਨੈ ਮਲਹੋਤਰਾ ਨੇ ਫ਼ਿਲਮ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਜਰਨਲਿਸਟ ਐਸ.ਪੀ.ਭਾਟੀਆ, ਬਿਊਰੋ ਚੀਫ ਅਤੇ ਨਾਵਲਕਾਰ ਬਲਰਾਮ ਸੈਣੀ ਤੇ ਹੋਰ ਲੋਕ ਮੌਜੂਦ ਸਨ।

