ਤਿੰਨ ਕਿਤਾਬਾਂ ਕੀਤੀਆਂ ਗਈਆਂ ਰਿਲੀਜ਼
ਅੰਬਾਲਾ (ਬੀਪੀ ਬਿਉਰੋ)


ਪ੍ਰੋ. ਵੀਰ ਸੇਨ, ਵਿਨੈ ਮਲਹੋਤਰਾ ਟਰੱਸਟ ਵੱਲੋਂ ਹਰਿਆਣਾ ਸਾਹਿਤ ਤਥਾ ਸੰਸਕ੍ਰਿਤੀ ਅਕੈਡਮੀ ਦੇ ਸਹਿਯੋਗ ਨਾਲ ਅੰਬਾਲਾ ਕੈਂਟ ਦੇ ਐਸ.ਡੀ ਕਾਲਜ ਦੇ ਸੈਮੀਨਾਰ ਹਾਲ ਵਿਚ ਕਰਵਾਏ ਗਏ 5ਵੇਂ ਅੰਬਾਲਾ ਸਾਹਿਤਕ ਕਨਕਲੇਵ ਵਿਚ ਸਾਲ 2024 ਵਿਚ ਛਪੀਆਂ ਹਰਿਆਣਾ ਦੇ ਲੇਖਕਾਂ ਦੀਆਂ 26 ਕਿਤਾਬਾਂ ਬਾਰੇ 16 ਵਿਦਵਾਨਾਂ/ਲੇਖਕਾਂ ਨੇ ਚਰਚਾ ਕੀਤੀ। ਇਸ ਕਨਕਲੇਵ ਵਿਚ ਦਿੱਲੀ, ਕਰਨਾਲ, ਸਿਰਸਾ, ਕੈਥਲ, ਯਮੁਨਾਨਗਰ, ਕੁਰੂਕਸ਼ੇਤਰ, ਪੰਚਕੂਲਾ, ਅੰਬਾਲਾ ਅਤੇ ਹੋਰ ਕਈ ਥਾਵਾਂ ਦੇ ਲੇਖਕ ਸ਼ਾਮਲ ਹੋਏ।
ਡਾ. ਵਿਨੈ ਮਲਹੋਤਰਾ ਦੀ ਅਗਵਾਈ ਵਿਚ ਹੋਏ ਇਸ ਕਨਕਲੇਵ ਦੇ ਮੁੱਖ ਮਹਿਮਾਨ ਸਾਬਕਾ ਪ੍ਰਿੰਸੀਪਲ ਤੇ ਸੰਸਕ੍ਰਿਤ ਦੇ ਵਿਦਵਾਨ ਡਾ. ਕਾਮਦੇਵ ਝਾਅ ਸਨ ਜਦੋਂ ਕਿ ਸਰਕਾਰੀ ਕਾਲਜ ਬਰਵਾਲਾ ਦੇ ਪ੍ਰਿੰਸੀਪਲ ਡਾ. ਹੇਮੰਤ ਵਰਮਾ ਵਿਸ਼ੇਸ਼ ਮਹਿਮਾਨ ਸਨ। ਰੋਟਰੀ ਕਲੱਬ ਅੰਬਾਲਾ ਦੇ ਪ੍ਰਧਾਨ ਦਿਨੇਸ਼ ਸੇਠੀ ਅਤੇ ਸੰਦੀਪ ਚੋਪੜਾ ਨੇ ਵੀ ਟਰੱਸਟ ਨੂੰ ਸਹਿਯੋਗ ਦਿੱਤਾ। ਵਿਚਾਰ ਚਰਚਾ ਵਿਚ ਹਿੱਸਾ ਲੈਣ ਵਾਲੇ ਵਿਦਵਾਨਾਂ ਵਿਚ ਡਾ. ਅਸ਼ੋਕ ਭਾਟੀਆਂ (ਕਰਨਾਲ), ਡਾ. ਓਮ ਪ੍ਰਕਾਸ਼ ਕਰੁਣੇਸ਼ (ਕੁਰੂਕਸ਼ੇਤਰ) ਡਾ. ਬਲਵਾਨ ਸਿੰਘ (ਅੰਬਾਲਾ), ਡਾ. ਅਪੂਰਵਾ ਚਾਵਲਾ, ਡਾ. ਸਾਰਿਕਾ ਧੁਪੜ ਵਰਮਾ (ਪੰਚਕੂਲਾ) ਜਲੇਸ ਪ੍ਰਧਾਨ ਜੈ ਪਾਲ, ਪ੍ਰਮੋਦ ਕੁਮਾਰ (ਪੰਚਕੂਲਾ) ਰਿਚਾ ਵੈਦ (ਸਿਰਸਾ) ਆਦਿ ਸ਼ਾਮਲ ਸਨ।
ਪ੍ਰੋਗਰਾਮ ਨੂੰ ਸਮੇਟਦਿਆਂ ਡਾ. ਅਸ਼ੋਕ ਭਾਟੀਆ ਨੇ ਕਿਤਾਬ ਦੇ ਚਾਰ ਕਦਮਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਤਾਬ ਦਾ ਪਹਿਲਾ ਕਦਮ ਇਹ ਹੈ ਕਿ ਕਿਤਾਬ ਵਿਚਲੀ ਸਮਗਰੀ ਉਪਯੋਗੀ ਅਤੇ ਰੁਚੀ ਪੂਰਨ ਹੋਵੇ, ਲਿਖਣ ਤੋਂ ਪਹਿਲਾਂ ਇਹ ਨਿਸ਼ਚਤ ਹੋਵੇ ਕਿ ਵਾਹ-ਵਾਹ ਜਾਂ ਇਨਾਮ ਲਈ ਨਹੀਂ ਬਲਕਿ ਸਮਾਜ ਦੀ ਬਿਹਤਰੀ ਲਈ ਲਿਖਣਾ ਹੈ। ਉਨ੍ਹਾਂ ਕਿਹਾ ਕਿ ਕਿਤਾਬ ਦੀ ਛਪਾਈ ਸੁਰੁਚੀਪੂਰਨ ਅਤੇ ਕੀਮਤ ਜੇਬ ਅਤੇ ਜ਼ਰੂਰਤ ਅਨੁਸਾਰ ਅਤੇ ਲੇਖਕ ਪ੍ਰਕਾਸ਼ਕ ਤੇ ਜ਼ੋਰ ਦੇਵੇ ਕਿ ਉਹ ਕਿਤਾਬ ਦੀ ਕੀਮਤ ਘੱਟੋ ਘੱਟ ਰੱਖੇ। ਡਾ, ਭਾਟੀਆ ਨੇ ਕਿਹਾ ਕਿ ਲੇਖਕ ਨੂੰ ਆਪਣੀ ਕਿਤਾਬ ਖ਼ੁਦ ਲੈ ਕੇ ਪਾਠਕਾਂ ਤੱਕ ਜਾਣਾ ਪਵੇਗਾ।
ਸਮੁੱਚੇ ਸਾਹਿਤਕਾਰਾਂ/ਆਲੋਚਕਾਂ ਨੂੰ ਟਰੱਸਟ, ਸਕਾਲਰਜ਼ ਦੇ ਸੰਦੀਪ ਚੋਪੜਾ ਅਤੇ ਰੋਟਰੀ ਕਲੱਬ ਅੰਬਾਲਾ ਦੇ ਪ੍ਰਧਾਨ ਸੇਠੀ ਵੱਲੋਂ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਤੇ ਟਰੱਸਟ ਦੀ ਕੈਸ਼ੀਅਰ ਡਾ. ਨੀਨਾ ਮਲਹੋਤਰਾ, ਜੈ ਕੁਮਾਰ, ਪ੍ਰੋ. ਗੁਰਦੇਵ ਸਿੰਘ ਦੇਵ, ਜੈ ਪ੍ਰਕਾਸ਼ ਗੁਪਤ, ਡਾ. ਸੁਰਿੰਦਰ ਗੁਪਤ ਤੇ ਹੋਰ ਕਈ ਸਥਾਨਕ ਸਾਹਿਤਕਾਰ ਮੌਜੂਦ ਸਨ।
