ਅੰਬਾਲਾ, 27 ਅਪ੍ਰੈਲ (ਬੀਪੀ ਬਿਊਰੋ)
ਪ੍ਰਸਿੱਧ ਇਤਿਹਾਸਕਾਰ ਅਤੇ ਰੋਟਰੀ ਕਲੱਬ ਅੰਬਾਲਾ ਮਿਡਟਾਊਨ ਦੇ ਪ੍ਰਧਾਨ ਡਾ. ਤੇਜਿੰਦਰ ਸਿੰਘ ਵਾਲੀਆ ਦੀਆਂ ਦੋ ਪੁਸਤਕਾਂ “ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ” ਅਤੇ ਦਾਸਤਾਨ-ਏ-ਅੰਬਾਲਾ (ਅੰਬਾਲਾ ਦਾ ਇਤਿਹਾਸ) ਦਾ ਤੀਜਾ ਐਡੀਸ਼ਨ ਅੰਬਾਲਾ ਕਲੱਬ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਰੋਟਰੀ ਜ਼ਿਲ੍ਹਾ 3080 ਦੇ ਗਵਰਨਰ ਰਾਜਪਾਲ ਸਿੰਘ, ਕੋਆਰਡੀਨੇਟਰ ਤੇ ਰੋਟਰੀ ਐਡੀਟਰ ਐਮ.ਪੀ.ਗੁਪਤਾ, ਵਿਸ਼ੇਸ਼ ਮਹਿਮਾਨ ਪ੍ਰਸਿੱਧ ਉਦਯੋਗਪਤੀ ਸ. ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਅਤੇ ਹੋਰ ਪਤਵੰਤਿਆਂ ਵੱਲੋਂ ਰਿਲੀਜ਼ ਕੀਤੀਆਂ ਗਈਆਂ। ਇਹ ਪੁਸਤਕ ਰਿਲੀਜ਼ ਸਮਾਰੋਹ ਰੋਟਰੀ ਕਲੱਬ ਮਿਡਟਾਊਨ ਅਤੇ ਦੀਪ ਐਕਸਪ੍ਰੈਸ ਨਿਊਜ਼ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸਮਾਜ ਸੇਵੀ, ਰੋਟਰੀ ਕਲੱਬਾਂ ਦੇ ਅਹੁਦੇਦਾਰ, ਸ਼ਾਇਰ, ਧਾਰਮਿਕ ਸ਼ਖ਼ਸੀਅਤਾਂ ਤੇ ਆਮ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਮੰਚ ਸੰਚਾਲਨ ਐਮਡੀਐਸਡੀ ਕਾਲਜ ਦੀ ਪ੍ਰਿੰਸੀਪਲ ਡਾ. ਕਿਰਨ ਆਂਗਰਾ ਨੇ ਕੀਤਾ।
ਪ੍ਰਸਿੱਧ ਸਾਹਿਤਕਾਰ ਤੇ ਸਿੱਖਿਆ ਸ਼ਾਸਤਰੀ ਡਾ: ਰਤਨ ਸਿੰਘ ਢਿੱਲੋਂ, ਸੀਨੀਅਰ ਐਡਵੋਕੇਟ ਦਲਜੀਤ ਸਿੰਘ ਪੂਨੀਆ ਅਤੇ ਡਾ: ਕਿਰਨ ਆਂਗਰਾ ਨੇ ਪੁਸਤਕਾਂ ਤੇ ਇਤਿਹਾਸਕਾਰ ਡਾ: ਤੇਜਿੰਦਰ ਸਿੰਘ ਵਾਲੀਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਇੱਕ ਬਹੁਤ ਵਧੀਆ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਮੁੱਖ ਮਹਿਮਾਨ ਰਾਜਪਾਲ ਸਿੰਘ ਨੇ ਤੇਜਿੰਦਰ ਸਿੰਘ ਵਾਲੀਆ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵੀ ਉਹ ਨਾ ਸਿਰਫ਼ ਦੇਸ਼ ਦੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਗੇ ਬਲਕਿ ਸਮਾਜ ਸੇਵਾ ਦੇ ਆਪਣੇ ਕਾਰਜ ਵੀ ਜਾਰੀ ਰੱਖਣਗੇ। ਇੰਜੀਨੀਅਰ ਬਲਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਤੇਜਿੰਦਰ ਸਿੰਘ ਵਾਲੀਆ ਦੀ ਬਹੁਪੱਖੀ ਪ੍ਰਤਿਭਾ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਰੋਟਰੀ ਦੇ ਸਹਾਇਕ ਗਵਰਨਰ ਨਰੇਸ਼ ਭਾਰਦਵਾਜ ਨੇ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਰੋਟੇਰੀਅਨਾਂ ਵੱਲੋਂ ਡਾ. ਵਾਲੀਆ ਨੂੰ ਸਨਮਾਨਿਤ ਵੀ ਕੀਤਾ।
ਇਤਿਹਾਸਕਾਰ ਡਾ. ਤੇਜਿੰਦਰ ਸਿੰਘ ਵਾਲੀਆ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ, ਕਾਰਜਕਾਰੀ ਮੈਂਬਰ ਟੀ.ਪੀ.ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਪਾਲ ਸਿੰਘ ਪਾਲੀ, ਜਥੇਦਾਰ ਬਲਦੇਵ ਸਿੰਘ ਕਾਇਮਪੁਰੀ, ਜਥੇਦਾਰ ਗੁਰਦੀਪ ਸਿੰਘ ਭਾਨੋਖੇੜੀ, ਕਿਸਾਨ ਆਗੂ ਅਮਰਜੀਤ ਸਿੰਘ ਮੌਹੜੀ, ਹਰਿਆਣਾ ਸਿੱਖ ਫੋਰਮ ਦੇ ਪ੍ਰਧਾਨ ਜਸਦੀਪ ਸਿੰਘ ਬੇਦੀ, ਪ੍ਰਿੰਸੀਪਲ ਡਾ. ਦੀਪਇੰਦਰ ਦੀਪ, ਕਲਾਕਾਰ ਅਰਵਿੰਦ ਸੂਰੀ, ਬਲਜੀਤ ਸਿੰਘ, ਅਨਿਲ ਮਹੰਤ ਬਿੱਟੂ, ਬੁੱਧ ਰਾਮ ਮੱਟੂ, ਡਾ: ਸੰਜੇ ਗੌਤਮ, ਸੁਨੀਲ ਜੈਨ, ਡਾ: ਸੁਨੀਲ ਸਾਦਿਕ, ਸ਼ਾਇਰ ਰਵਿੰਦਰ ਰਵੀ, ਗੁਰਚਰਨ ਸਿੰਘ ਜੋਗੀ, ਕੁਲਵੰਤ ਸਿੰਘ ਰਫੀਕ ਸਮੇਤ ਸ਼ਹਿਰ ਅਤੇ ਸ਼ਾਹਬਾਦ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ।
