28ਵਾਂ ਮਹਾਨ ਗੁਰਮਤਿ ਸਮਾਗਮ 23 ਮਾਰਚ ਨੂੰ ਗਾਂਧੀ ਗਰਾਊਂਡ, ਅੰਬਾਲਾ ਛਾਉਣੀ ਵਿਖੇ ਆਯੋਜਿਤ ਕੀਤਾ ਜਾਵੇਗਾ: ਖ਼ਾਲਸਾ

ਅੰਬਾਲਾ, 20 ਮਾਰਚ (ਬੀਪੀ ਬਿਊਰੋ)

ਅੱਜ ਸੇਵਾ ਸਿਮਰਨ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬੀ.ਸੀ. ਬਾਜ਼ਾਰ ਅੰਬਾਲਾ ਛਾਉਣੀ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਬ੍ਰਹਮਜੀਤ ਸਿੰਘ ਖ਼ਾਲਸਾ ਨੇ ਮੀਡੀਆ ਨੂੰ ਦੱਸਿਆ ਕਿ 23 ਮਾਰਚ, ਐਤਵਾਰ ਨੂੰ ਗਾਂਧੀ ਗਰਾਊਂਡ ਵਿਖੇ 28ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਸ਼ਾਮ 5 ਵਜੇ ਤੋਂ 2 ਵਜੇ ਤੱਕ ਹੋਵੇਗਾ। ਇਸ ਗੁਰਮਤਿ ਸਮਾਗਮ ਦਾ ਸਿੱਧਾ ਪ੍ਰਸਾਰਨ ਅੰਬਾਲਾ ਦਸਤਕ ‘ਤੇ ਕੀਤਾ ਜਾਵੇਗਾ।
ਖ਼ਾਲਸਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿਚ ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ ਵਾਲੇ, ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ, ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੁਭਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਨਾਮ ਸਿੰਘ ਜੀ ਸ੍ਰੀ ਪੰਜੋਖਰਾ ਸਾਹਿਬ ਵਾਲੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਸ ਦਿਨ ਸ਼ਾਮ 4 ਵਜੇ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਤੋਂ ਗਾਂਧੀ ਮੈਦਾਨ ਲਿਜਾਏ ਜਾਣਗੇ । ਉਨ੍ਹਾਂ ਦੱਸਿਆ ਕਿ ਇਸ ਮਹਾਨ ਤੇ ਵਿਸ਼ਾਲ ਸਮਾਗਮ ਵਿਚ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਵਿਸ਼ੇਸ਼ ਤੌਰ ਤੇ ਸੰਗਤ ਦੇ ਦਰਸ਼ਨ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ। ਖ਼ਾਲਸਾ ਨੇ ਸਮਾਗਮ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਕਿਹਾ ਕਿ ਬਾਕੀ ਮੈਂਬਰਾਂ ਦੇ ਪੂਰਨ ਸਹਿਯੋਗ ਨਾਲ ਸਾਰੇ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜਲੇਬੀਆਂ, ਪਕੌੜਿਆਂ ਅਤੇ ਚਾਹ ਦੇ ਲੰਗਰ ਤੋਂ ਬਿਨਾ ਗੁਰੂ ਕਾ ਅਤੁੱਟ ਲੰਗਰ ਵਰਤੇਗਾ। ਪ੍ਰੈੱਸ ਕਾਨਫ਼ਰੰਸ ਦੌਰਾਨ ਸੇਵਾ ਸਿਮਰਨ ਸੁਸਾਇਟੀ ਦੇ ਹੋਰ ਅਹੁਦੇਦਾਰ ਕੇਵੀ ਸਿੰਘ, ਏਵੀ ਸਿੰਘ, ਅਮਨਪ੍ਰੀਤ ਸਿੰਘ, ਜਸਮੀਤ ਸਿੰਘ, ਗੁਰਪ੍ਰੀਤ ਸਿੰਘ, ਸਿਮਰਨ ਪ੍ਰੀਤ ਸਿੰਘ, ਹਰਿੰਦਰ ਸਿੰਘ, ਦਲਜੀਤ ਸਿੰਘ ਪੱਪੂ, ਭੁਪਿੰਦਰ ਸਿੰਘ, ਸਤਬੀਰ ਸਿੰਘ ਆਦਿ ਹਾਜ਼ਰ ਸਨ। ਸਮੂਹ ਅਹੁਦੇਦਾਰਾਂ ਵੱਲੋਂ ਇਸ ਮੌਕੇ ਤੇ ਗੁਰਮਤਿ ਸਮਾਗਮ ਨਾਲ ਸਬੰਧਿਤ ਇਸ਼ਤਿਹਾਰ ਵੀ ਰਿਲੀਜ਼ ਕੀਤਾ ਗਿਆ।

Leave a Reply

Your email address will not be published. Required fields are marked *

Leave a Reply

Your email address will not be published. Required fields are marked *