ਜਿਤਨੇ ਨਏ ਚਰਾਗ ਹੈਂ ਹਮ ਨੇ ਜਲਾਏ ਹੈਂ
ਕਵੀ ਸੰਮੇਲਨ ਵਿਚ ਕਵੀਆਂ ਨੇ ਕਵਿਤਾ ਦੇ ਵੱਖ ਵੱਖ ਰੰਗ ਬਖ਼ੇਰੇ
ਅੰਬਾਲਾ, 7 ਅਪ੍ਰੈਲ (ਬੀਪੀ ਬਿਊਰੋ)
ਭਾਵੰਜਲੀ ਕਲਾ ਅਤੇ ਸਾਹਿਤ ਮੰਚ ਅੰਬਾਲਾ ਵੱਲੋਂ ਆਲ ਇੰਡੀਆ ਕਲਚਰਲ ਅਵੇਅਰਨੈੱਸ ਫੋਰਮ ਦਿੱਲੀ ਦੇ ਸਹਿਯੋਗ ਨਾਲ ਫ਼ਰੂਕਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਛਾਉਣੀ ਦੇ ਹਾਲ ਵਿਚ ਕਰਵਾਏ ਗਏ ਤ੍ਰੈ-ਭਾਸ਼ੀ ਕਵੀ ਸੰਮੇਲਨ ਵਿਚ ਦਿੱਲੀ, ਮਧੂਬਨੀ, ਦੇਵਰੀਆ, ਚੰਡੀਗੜ੍ਹ, ਕੁਰੂਕਸ਼ੇਤਰ ਅਤੇ ਇਸਮਾਈਲਾਬਾਦ ਤੋਂ ਆਏ ਕਵੀਆਂ ਤੇ ਕਵਿੱਤਰੀਆਂ ਨੇ ਹਿੰਦੀ, ਪੰਜਾਬੀ ਅਤੇ ਉਰਦੂ ਵਿੱਚ ਆਪਣੀਆਂ ਰਚਨਾਵਾਂ ਤੇ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਕਵੀ ਸੰਮੇਲਨ ਦੇ ਮੁੱਖ ਮਹਿਮਾਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਕੇ.ਪੀ.ਸਿੰਘ ਸਨ ਜਦੋਂ ਕਿ ਓ.ਪੀ.ਬਨਮਾਲੀ, ਦਿੱਲੀ ਤੋਂ ਆਸ਼ੀਸ਼ ਦਿਵੇਦੀ ਤੇ ਬਬਲੀ ਗੁੱਜਰ, ਪ੍ਰਤਾਪਗੜ੍ਹ ਤੋਂ ਸ਼ਰਧਾ ਤ੍ਰਿਪਾਠੀ, ਮਧੂਬਨੀ ਤੋਂ ਨੀਲਮਣੀ ਝਾਅ, ਚੰਡੀਗੜ੍ਹ ਤੋਂ ਕਰਣ ਸਹਰ ਤੇ ਮੁਸੱਵਰ ਫ਼ਿਰੋਜ਼ਪੁਰੀ ਵਿਸ਼ੇਸ਼ ਮਹਿਮਾਨਾਂ ਵਿਚ ਸ਼ਾਮਲ ਸਨ। ਰਵਿੰਦਰ ਰਵੀ, ਗੁਰਚਰਨ ਸਿੰਘ ਜੋਗੀ, ਤਨਵੀਰ ਜਾਫ਼ਰੀ, ਅਭਿਸ਼ੇਕ ਸ਼ਰਮਾ, ਜਗਮਾਲ ਸਿੰਘ, ਲਾਭ ਸਿੰਘ, ਅੰਬਾਲਾ ਤੋਂ ਪੰਕਜ ਸ਼ਰਮਾ, ਡਾ. ਵਿਨੈ ਮਲਹੋਤਰਾ, ਕੁਰੂਕਸ਼ੇਤਰ ਤੋਂ ਮਨਜੀਤ ਸਿੰਘ ਅਤੇ ਇਸਮਾਈਲਾਬਾਦ ਤੋਂ ਦਿਵਿਆ ਕੋਚਰ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ। ਕਵੀ ਗੁਰਚਰਨ ਜੋਗੀ ਦੇ ਇਸ ਮਤਲੇ ਨੇ ਖ਼ੂਬ ਵਾਹ ਵਾਹ ਖੱਟੀ:
–ਤੇਰੀ ਮੁਸਕਾਨ ਵਿਚਲੇ ਦਰਦ ਨੂੰ ਪਹਿਚਾਣਦਾ ਹਾਂ।
ਤੇਰੇ ਬਾਰੇ ਮੈਂ ਤੇਰੇ ਤੋਂ ਵੀ ਬਿਹਤਰ ਜਾਣਦਾ ਹਾਂ।
ਪ੍ਰਸਿੱਧ ਕਾਲਮ ਨਵੀਸ ਤਨਵੀਰ ਜਾਫ਼ਰੀ ਕਹਿ ਰਿਹਾ ਸੀ:
–ਰਾਹੇ ਅਦਬ ਕੇ ਹਮ ਨੇ ਅੰਧੇਰੇ ਮਿਟਾਏ ਹੈਂ।
ਜਿਤਨੇ ਨਏ ਚਰਾਗ ਹੈਂ ਹਮ ਨੇ ਜਲਾਏ ਹੈਂ।
ਮੰਚ ਸੰਚਾਲਨ ਭਾਵੰਜਲੀ ਦੀ ਸੰਸਥਾਪਕ ਪ੍ਰਸਿੱਧ ਕਵਿੱਤਰੀ ਅੰਜਲੀ ਸਿਫਰ ਨੇ ਕੀਤਾ। ਪ੍ਰੋਗਰਾਮ ਦਾ ਅੰਤ ਹੰਸ ਰਾਜ ਮਾਹੀ ਦੇ ਗੀਤ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਤੋਹਫ਼ੇ ਦੇਣ ਨਾਲ ਹੋਇਆ।

Leave a Reply