ਦੋਸ਼ੀ ਕੌਣ?
ਕਵੀ: ਲਖਵਿੰਦਰ ਸਿੰਘ ਬਾਜਵਾ
ਬੀਜ ਬੀਜ ਕੇ ਕਿਸ ਨਫ਼ਰਤ ਦਾ, ਮਹੁਰਾ ਮਨੀ ਉਗਾਇਆ।
ਕਿਹੜਾ ਹੈ ਇਹ ਮਾਨਵਤਾ ਦੇ, ਲਹੂਆਂ ਦਾ ਤਰਿਹਾਇਆ।
ਸੂਰਜ ਕਿਰਨਾ ਲਜਿੱਤ ਹੋਈਆਂ, ਦੇ ਕੇ ਉਹਨੂੰ ਗਰਮੀ,
ਚੰਨ ਰਿਸ਼ਮਾ ਦੀ ਠੰਡਕ ਦੇ ਕੇ, ਹੋਵੇਗਾ ਪਛਤਾਇਆ।
ਨਿੱਤਰੇ ਨਿਰਮਲ ਜਲ ਦੇ ਅੰਦਰ, ਗਾਦ ਜ਼ਹਿਰ ਕਿਸ ਘੋਲੀ,
ਨਿਰਦੋਸ਼ਾਂ ਦੀ ਜਿੰਦ ਤੇ ਜਿਹੜਾ, ਪਿਆ ਮੌਤ ਦਾ ਸਾਇਆ।
ਇਹ ਤਖਤਾਂ ਦੇ ਗੰਦੇ ਆਂਡੇ, ਅਮਰ ਕਿਓਂ ਕਰ ਹੋਏ,
ਅਮਰ ਕਥਾ ਦਾ ਪਾਰਵਤੀ ਨੂੰ, ਕਿਸ ਫਿਰ ਪਾਠ ਸੁਣਾਇਆ।
ਮਾਰਨ ਲਈ ਸੰਵੇਦਨ ਮਨ ਚੋਂ, ਫਿਰਕੂ ਕਾੜ੍ਹ ਦੁਸ਼ਾਂਦਾ,
ਧਰਮ ਕਰਮ ਦਾ ਸ਼ਹਿਦ ਰਲਾ ਕੇ, ਕਿਸਨੇ ਬੈਠ ਪਿਆਇਆ।
ਫਿਰ ਕਿਸ ਅੰਨ੍ਹੇ ਧ੍ਰਿਤਰਾਸ਼ਟਰ, ਬਾਤ ਕਨਕ ਦੀ ਮੰਨੀ,
ਕਿਸ ਰਾਜੇ ਵਿਸ਼ਕੰਨਿਆ ਪਾਲੀ, ਡੱਸਦੀ ਫਿਰੇ ਰਿਆਇਆ।
ਕੀ ਕੇਵਲ ਜੰਨਤ ਹੂਰਾਂ ਦਾ, ਲਾਲਚ ਹੈ ਇਸ ਪਿੱਛੇ?
ਕਿਸ ਲਾਲਚ ਦੇ ਪਿੱਛੇ ਉਹਨਾ ਘੋਰ ਉਪੱਦਰ ਚਾਇਆ।
ਦਇਆ ਲਫਜ਼ ਕਿਸ ਮਨਫੀ ਕੀਤਾ, ਮਨ ਮੋਮਨ ਦੇ ਵਿੱਚੋਂ ,
ਕਿਸ ਨੇ ਵਾਰ ਨਿਹੱਥੇ ਉੱਤੇ, ਕਰਨਾ ਯਾਰ ਸਿਖਾਇਆ।
ਕਿਸ ਨੇ ਧਰਤੀ ਮਾਂ ਦਾ ਪੱਲਾ, ਰੰਗਣ ਦੇ ਲਈ ਸੂਹਾ,
ਬੇਦੋਸ਼ਾਂ ਦਾ ਖੂਨ ਪਵਿੱਤਰ ਕਾਇਰਾਂ ਹੱਥ ਚੁਆਇਆ।
ਪੁੱਛ ਰਿਹਾ ਇੱਕ ਬੇਬਸ ਬੱਚਾ, ਲਾਸ਼ ਪਿਓ ਦੀ ਤੱਕ ਕੇ,
ਆਦਮਖੋਰ ਆਦਮੀ ਕਰ ਕੇ, ਕੀ ਤੇਰੇ ਹੱਥ ਆਇਆ
ਜੰਨਤ ਨੂੰ ਕਬਜਾਉਣ ਵਾਸਤੇ, ਮਸਲ ਰਿਹਾ ਜੋ ਬੰਦੇ,
ਕਿਓਂ ਮਹਿਖਾਸੁਰ ਤੇ ਇੰਦਰ ਨੇ, ਖੂਨੀ ਯੁੱਧ ਮਚਾਇਆ।
ਕਿਓਂ ਅਮਨ ਦੀ ਘੁੱਗੀ ਤਾਈਂ, ਕਾਗ ਸਮੇਂ ਦੇ ਨੋਚਣ,
ਕਿਓਂ ਇਤਿਹਾਸ ਜ਼ੁਲਮ ਦਾ ਜਾਏ, ਮੁੜ ਮੁੜ ਕੇ ਦੁਹਰਾਇਆ।
ਦੋ ਪਲ ਹੰਝੂ ਮਗਰਮੱਛ ਦੇ, ਕੇਰ ਫੇਰ ਚੁੱਪ ਵੱਟਣੀ,
ਇਹ ਕਿਹੜਾ ਪ੍ਰਚਾਉਣੀ ਦਾ ਢੰਗ, ਜੋ ਇਹਨਾ ਅਪਣਾਇਆ।
ਜਦ ਦਾ ਬੰਦਾ ਹਲਕ ਗਿਆ ਹੈ , ਸਤਾ ਦੌਲਤਾਂ ਪਿੱਛੇ,
ਇਹ ਦਹਿਸ਼ਤ ਦਾ ਸ਼ਬਦਕੋਸ਼ ਵਿੱਚ, ਸ਼ਬਦ ਤਦੋਂ ਦਾ ਆਇਆ।
ਜਿੰਨਾ ਚਿਰ ਮਾਨਵ ਦੇ ਮਨ ਚੋਂ, ਫਿਰਕੂ ਦੈਂਤ ਨਾ ਮਰਦਾ,
ਓਨਾ ਚਿਰ ਨਾ ਹੋਏ ਸੁਰੱਖਿਅਤ, ਜਾਨਾ ਦਾ ਸਰਮਾਇਆ।
ਵਹਿਸ਼ਤ ਦਾ ਇਹ ਮਾਰੂ ਡੰਗਰ, ਲੈਂਦਾ ਰਹਿਸੀ ਜਾਨਾਂ,
ਜਿੰਨੀ ਦੇਰ ਬਾਜਵਾ ਇਹਨੂੰ, ਨੱਥ ਨਾ ਕਿਸੇ ਬਹਾਇਆ।
ਸੰਪਰਕ: +91 9416734506

Leave a Reply