ਬੀਪੀ ਬਿਊਰੋ
ਅੰਬਾਲਾ, 9 ਅਕਤੂਬਰ
ਪਰਮਜੀਤ ਸਿੰਘ ਬੜੌਲਾ ਦੀ ਅਗਵਾਈ ਵਿਚ ਕੰਮ ਕਰ ਰਹੀ ਗੈਰ ਸਰਕਾਰੀ ਸੰਸਥਾ ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਦੀ ਮਦਦ ਨਾਲ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ 12 ਬੱਚਿਆਂ ਨੂੰ ਬਚਾਇਆ ਗਿਆ। ਇਨ੍ਹਾਂ ਬੱਚਿਆਂ ਨੂੰ ਮਜ਼ਦੂਰੀ ਲਈ ਕਰਮਭੂਮੀ ਐਕਸਪ੍ਰੈੱਸ ਰੇਲਗੱਡੀ ਰਾਹੀਂ ਬਿਹਾਰ ਤੋਂ ਪੰਜਾਬ ਲਿਜਾਇਆ ਜਾ ਰਿਹਾ ਸੀ। ਜੀਆਰਪੀ ਦਾ ਕਹਿਣਾ ਹੈ ਕਿ ਬੱਚਿਆਂ ਲਈ ਕਾਊਂਸਲਿੰਗ ਪ੍ਰਦਾਨ ਕੀਤੀ ਜਾਵੇਗੀ ਅਤੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ ਕਿ ਇਨ੍ਹਾਂ ਨੂੰ ਕੌਣ ਅਤੇ ਕਿਸ ਮਕਸਦ ਲਈ ਲੈ ਜਾ ਰਿਹਾ ਸੀ।
ਮਾਮਲੇ ਦੇ ਸੰਬੰਧ ਵਿੱਚ ਜੀਆਰਪੀ ਇੰਸਪੈਕਟਰ ਨੇ ਦੱਸਿਆ ਕਿ 12 ਬੱਚਿਆਂ ਨੂੰ ਪੰਜਾਬ ਸਮਗਲ ਕੀਤਾ ਜਾ ਰਿਹਾ ਸੀ। ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਸਹੀ ਉਮਰ ਨਿਰਧਾਰਿਤ ਕਰਨ ਲਈ ਬੁਲਾਇਆ ਜਾ ਰਿਹਾ ਹੈ।
ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਜੋ ਕਿ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਕੰਮ ਕਰਨ ਵਾਲੀ ਸੰਸਥਾ ਹੈ, ਨੇ ਇਸ ਬਚਾਅ ਕਾਰਜ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਪੁਲੀਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ, ਜੀਆਰਪੀ ਨੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਬੱਚਿਆਂ ਨੂੰ ਬਚਾਇਆ। ਸੰਗਠਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਟੀਮ ਤੋਂ ਪੂਰੀ ਜਾਣਕਾਰੀ ਮਿਲੀ, ਅਤੇ ਇਹ ਕਾਰਵਾਈ ਪੁਲਿਸ ਦੀ ਮਦਦ ਨਾਲ ਕੀਤੀ ਗਈ।
ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਦੇ ਕੋਆਰਡੀਨੇਟਰ ਅਜੈ ਤਿਵਾੜੀ ਨੇ ਦੱਸਿਆ ਕਿ ਜਸਟ ਰਾਈਟ ਫਾਰ ਚਿਲਡਰਨ ਅਲਾਇੰਸ ਵੱਲੋਂ ਜਾਣਕਾਰੀ ਮਿਲੀ ਸੀ ਕਿ 25-30 ਬੱਚੇ ਗੱਡੀ ਰਾਹੀਂ ਲਿਜਾਏ ਜਾ ਰਹੇ ਹਨ। ਕੁਝ ਬੱਚਿਆਂ ਨੂੰ ਮੁਰਾਦਾਬਾਦ ਰੇਲਵੇ ਸਟੇਸ਼ਨ ਤੇ ਰੈਸਕਿਊ ਕਰ ਲਿਆ ਗਿਆ। ਮੁਰਾਦਾਬਾਦ ਤੋਂ ਅਗਲਾ ਸਟੇਸ਼ਨ ਅੰਬਾਲਾ ਕੈਂਟ ਹੈ ਜਿੱਥੇ ਇਸ ਗੱਡੀ ਵਿਚੋਂ ਉਨ੍ਹਾਂ ਨੇ 12 ਬੱਚੇ ਰੈਸਕਿਊ ਕੀਤੇ ਹਨ। ਪ੍ਰਧਾਨ ਪਰਮਜੀਤ ਸਿੰਘ ਬੜੌਲਾ ਨੇ ਦੱਸਿਆ ਕਿ ਹੈੱਡ ਕੁਆਟਰ ਦਿੱਲੀ ਤੋਂ 26 ਬੱਚਿਆਂ ਬਾਰੇ ਸੀਟ ਨੰਬਰ ਸਹਿਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਜੀਆਰਪੀ, ਐਂਟੀ ਹਿਊਮਨ ਟਰੈਫਕਿੰਗ ਟੀਮ ਅੰਬਾਲਾ ਅਤੇ ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਦੇ ਸਾਂਝੇ ਯਤਨਾਂ ਸਦਕਾ ਅੱਜ 3 ਵਜੇ ਗੱਡੀ ਦੀ ਚੈਕਿੰਗ ਕਰਕੇ 12 ਬੱਚੇ ਰੈਸਕਿਊ ਕੀਤੇ ਗਏ ਹਨ।ਅਗਲੀ ਕਾਰਵਾਈ ਜੀਆਰਪੀ ਅਤੇ ਆਰਪੀਐਫ ਵੱਲੋਂ ਨਿਯਮਾਂ ਅਨੁਸਾਰ ਕੀਤੀ ਜਾਵੇਗੀ।
