ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਤਿਉਹਾਰੀ ਸੀਜ਼ਨ ਵਿਚ ਚਲਾਈਆਂ ਵਿਸ਼ੇਸ਼ ਗੱਡੀਆਂ ਦੀ ਸਮੀਖਿਆ ਲਈ ਰੇਲ ਭਵਨ ਵਿਚ ਵਾਰ ਰੂਮ ਕਾਇਮ
ਬੀਪੀ ਬਿਊਰੋ
ਅੰਬਾਲਾ, 23 ਅਕਤੂਬਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੰਘੀ ਦੇਰ ਸ਼ਾਮ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਛੱਠ ਤਿਉਹਾਰ ਦੇ ਪ੍ਰਬੰਧਾਂ ਨੂੰ ਲੈ ਕੇ ਯਾਤਰੀਆਂ ਨਾਲ ਸਲਾਹ-ਮਸ਼ਵਰਾ ਵੀ ਕੀਤਾ।
ਰੇਲ ਰਾਜ ਮੰਤਰੀ ਬੁੱਧਵਾਰ ਦੇਰ ਸ਼ਾਮ ਲਗਭਗ 8 ਵਜੇ ਨਵੀਂ ਦਿੱਲੀ ਤੋਂ ਚੰਡੀਗੜ੍ਹ ਜਾਂਦੇ ਸਮੇਂ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ‘ਤੇ ਰੁਕੇ ਅਤੇ ਪ੍ਰੈੱਸ ਕਾਨਫਰੰਸ ਕਰਕੇ ਵਿਸ਼ੇਸ਼ ਰੇਲ ਗੱਡੀਆਂ ਦੇ ਸੰਚਾਲਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਗੱਡੀਆਂ ਦੀ ਕੋਈ ਕਮੀ ਨਹੀਂ ਹੈ, ਯਾਤਰੀਆਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯਾਤਰੀ ਟਾਇਲਟ ਵਿੱਚ ਯਾਤਰਾ ਨਾ ਕਰਨ ਤਾ ਕਿ ਆਰਪੀਐਫ ਨੂੰ ਵੀ ਸਖ਼ਤ ਨਾ ਹੋਣਾ ਪਵੇ। ਉਹ ਵਿਸ਼ੇਸ਼ ਰੇਲ ਗੱਡੀਆਂ ਵਿੱਚ ਆਰਾਮ ਨਾਲ ਯਾਤਰਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸਬਰ ਰੱਖਣਾ ਚਾਹੀਦਾ ਹੈ ਅਤੇ ਘਬਰਾਉਣਾ ਨਹੀਂ ਚਾਹੀਦਾ। ਛੱਠ ਤਿਉਹਾਰ ਤੋਂ ਪਹਿਲਾਂ ਹਰ ਯਾਤਰੀ ਨੂੰ ਉਸ ਦੀ ਮੰਜ਼ਿਲ ‘ਤੇ ਪਹੁੰਚਾਇਆ ਜਾਵੇਗਾ। ਇਸ ਲਈ ਯਾਤਰੀ ਰੇਲਵੇ ‘ਤੇ ਭਰੋਸਾ ਰੱਖਣ।
ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਤਿਉਹਾਰੀ ਸੀਜ਼ਨ ਵਿਚ ਚਲਾਈਆਂ ਵਿਸ਼ੇਸ਼ ਗੱਡੀਆਂ ਦੀ ਸਮੀਖਿਆ ਲਈ ਰੇਲ ਭਵਨ ਵਿਚ ਵਾਰ ਰੂਮ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਨੇ ਲਗਭਗ 12,000 ਰੇਲ ਗੱਡੀਆਂ ਚਲਾਈਆਂ ਹਨ। ਇਸ ਤੋਂ ਇਲਾਵਾ ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ ਵਾਧੂ ਰੈਕ ਤਿਆਰ ਰੱਖੇ ਗਏ ਹਨ ਤਾਂ ਜੋ ਭੀੜ ਵਧਣ ‘ਤੇ ਵਿਸ਼ੇਸ਼ ਰੂਟਾਂ ‘ਤੇ ਰੇਲ ਗੱਡੀਆਂ ਚਲਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ੇਸ਼ ਤੌਰ ਤੇ ਉਨ੍ਹਾਂ ਨੂੰ ਫੋਨ ਕਰਕੇ ਅੰਬਾਲਾ ਕੈਂਟ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਦਾ ਦੌਰਾ ਕਰਨ ਲਈ ਕਿਹਾ ਹੈ ਜਿਸ ਦੇ ਮੱਦੇ ਨਜ਼ਰ ਉਹ ਨਿਰੀਖਣ ਲਈ ਆਏ ਹਨ ਤਾ ਕਿ ਕਿਸੇ ਵੀ ਯਾਤਰੀ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਅੰਬਾਲਾ ਰੇਲਵੇ ਡਿਵੀਜ਼ਨ ਮੈਨੇਜਰ (ਡੀਆਰਐਮ) ਵਿਨੋਦ ਭਾਟੀਆ ਨੇ ਦੱਸਿਆ ਕਿ ਅਗਲੇ ਤਿੰਨ ਦਿਨ ਬਹੁਤ ਮਹੱਤਵਪੂਰਨ ਹਨ, ਇਸ ਲਈ ਅੰਬਾਲਾ ਡਿਵੀਜ਼ਨ ਤੋਂ ਚਾਰ ਅਤੇ ਫਿਰੋਜ਼ਪੁਰ ਡਿਵੀਜ਼ਨ ਤੋਂ ਅੱਠ ਤੋਂ ਨੌਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ‘ਤੇ ਵਾਧੂ ਰੈਕ ਖੜ੍ਹੇ ਕੀਤੇ ਗਏ ਹਨ ਜਿਨ੍ਹਾਂ ਨੂੰ ਲੋੜ ਅਨੁਸਾਰ ਵਿਅਸਤ ਰੇਲ ਰੂਟਾਂ ‘ਤੇ ਚਲਾਇਆ ਜਾਵੇਗਾ। ਇਸ ਪ੍ਰੈੱਸ ਕਾਨਫ਼ਰੰਸ ਵਿਚ ਕਮਰਸ਼ੀਅਲ ਵਿਭਾਗ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਾਰ ਰੂਮ ਤੋਂ ਤਿਉਹਾਰਾਂ ਦੇ ਸੀਜ਼ਨ ਦੀਆਂ ਰੇਲ ਗੱਡੀਆਂ ਦੇ ਸੰਚਾਲਨ ਦੀ ਸਮੀਖਿਆ ਕੀਤੀ। ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ ਦੇ ਰੇਲ ਭਵਨ ਵਿਖੇ ਵਾਰ ਰੂਮ ਤੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੱਲਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਦੀ ਸਥਿਤੀ ਦੀ ਸਮੀਖਿਆ ਕੀਤੀ।
