ਬਾਡੀ ਬਿਲਡਿੰਗ ਸਮਾਜਿਕ ਬੁਰਾਈਆਂ ਨੂੰ ਦੂਰ ਕਰਦੀ ਹੈ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੀ ਹੈ: ਮੰਤਰੀ ਅਨਿਲ ਵਿੱਜ

ਮਿਸਟਰ ਅੰਬਾਲਾ ਦਾ ਖ਼ਿਤਾਬ ਪ੍ਰਵੀਨ ਦਲਾਲ ਅਤੇ ਓਪਨ ਮਿਸਟਰ ਅੰਬਾਲਾ ਦਾ ਖ਼ਿਤਾਬ ਅਮਨ ਚਨਾਲੀਆ ਦੀ ਝੋਲੀ ਪਿਆ

ਅੰਬਾਲਾ, 9 ਮਾਰਚ (ਬੀਪੀ ਬਿਊਰੋ)

ਅੰਬਾਲਾ ਫਿਟਨੈੱਸ ਐਂਡ ਬਾਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਅੱਜ ਅੰਬਾਲਾ ਕੈਂਟ ਦੇ ਸੁਭਾਸ਼ ਪਾਰਕ ਸਥਿਤ ਓਪਨ ਏਅਰ ਥੀਏਟਰ ਵਿਚ ਮਿਸਟਰ ਅੰਬਾਲਾ 2025 ਅਤੇ ਓਪਨ ਮਿਸਟਰ ਅੰਬਾਲਾ ਮੁਕਾਬਲੇ ਕਰਵਾਏ ਗਏ। ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਕਾਸ ਜਿੰਦਲ ਨੇ ਦੱਸਿਆ ਕਿ 8 ਭਾਰ ਵਰਗ ਵਿਚ ਕਰਵਾਏ ਗਏ ਮੁਕਾਬਲਿਆਂ ਵਿਚ ਪ੍ਰਵੀਨ ਦਲਾਲ ਨੂੰ ਓਵਰ ਆਲ ਚੈਂਪੀਅਨ ਮਿਸਟਰ ਅੰਬਾਲਾ 2025 ਅਤੇ ਅਮਨ ਚਨਾਲੀਆ ਨੂੰ ਓਪਨ ਮਿਸਟਰ ਅੰਬਾਲਾ ਮੁਕਾਬਲੇ ਵਿਚ ਓਵਰਆਲ; ਚੈਂਪੀਅਨ ਐਲਾਨਿਆ ਗਿਆ ਹੈ ਅਤੇ ਜੇਤੂਆਂ ਨੂੰ ਟਰਾਫੀਆਂ ਦੇ ਨਾਲ ਕੁੱਲ ਢਾਈ ਲੱਖ ਰੁਪਏ ਦੇ ਇਨਾਮ ਦਿੱਤੇ ਗਏ ਹਨ।
ਦੁਪਹਿਰ ਇਕ ਵਜੇ ਤੋਂ ਸ਼ਾਮ ਤੱਕ ਚੱਲੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਸ਼੍ਰੀ ਅਨਿਲ ਵਿੱਜ ਨੇ ਵੰਡੇ। ਉਨ੍ਹਾਂ ਬਤੌਰ ਮੁੱਖ ਮਹਿਮਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇੱਥੇ ਇੱਕ ਬਾਡੀ ਬਿਲਡਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਜਿਸ ਦੀ ਉਹ ਦਿਲੋਂ ਪ੍ਰਸ਼ੰਸਾ ਕਰਦੇ ਹਨ। ਅਜਿਹੇ ਪ੍ਰੋਗਰਾਮ ਸਮਾਜਿਕ ਬੁਰਾਈਆਂ ਨੂੰ ਦੂਰ ਕਰਦੇ ਹਨ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਕਈ ਤਰ੍ਹਾਂ ਦੀਆਂ ਗਲਤ ਗਤੀਵਿਧੀਆਂ ਵੱਲ ਆਕਰਸ਼ਿਤ ਹੋ ਰਹੇ ਹਨ। ਉਨ੍ਹਾਂ ਨੂੰ ਉੱਥੋਂ ਹਟਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਅਜਿਹੇ ਪ੍ਰੋਗਰਾਮ ਆਯੋਜਿਤ ਕਰੀਏ।
ਉਨ੍ਹਾਂ ਕਿਹਾ ਕਿ ਸੁਭਾਸ਼ ਪਾਰਕ ਬਣਾਉਂਦੇ ਸਮੇਂ ਓਪਨ ਏਅਰ ਥੀਏਟਰ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਪੂਰੇ ਇਰਾਦੇ ਨਾਲ ਸੋਚਿਆ ਸੀ ਕਿ ਉਨ੍ਹਾਂ ਦੇ ਸ਼ਹਿਰ ਵਿੱਚ ਵੱਖ-ਵੱਖ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਅੱਜ ਇੱਥੇ ਪ੍ਰੋਗਰਾਮ ਦੇਖਣ ਤੋਂ ਬਾਅਦ, ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਸ਼ਹਿਰ ਦੇ ਲੋਕ ਹੱਸਦੇ, ਖੇਡਦੇ ਅਤੇ ਨੱਚਦੇ ਰਹਿਣ। ਆਪਣੇ ਸ਼ਹਿਰ ਦੇ ਬੱਚਿਆਂ ਨੂੰ ਬਾਡੀ ਬਿਲਡਿੰਗ ਵਿੱਚ ਅੱਗੇ ਵਧਣ ਦੇ ਯੋਗ ਬਣਾਉਣ ਲਈ ਉਹ ਆਪਣੇ ਵੱਲੋਂ ਅਤੇ ਸਰਕਾਰ ਵੱਲੋਂ ਜੋ ਵੀ ਮਦਦ ਕਰ ਸਕਦੇ ਹਨ ਉਹ ਕਰਨਗੇ। ਉਨ੍ਹਾਂ ਕਿਹਾ ‘ਦੇਸ਼ ਭਰ ਵਿੱਚ ਇਹ ਸੁਨੇਹਾ ਜਾਣਾ ਚਾਹੀਦਾ ਹੈ ਕਿ ਅੰਬਾਲਾ ਛਾਉਣੀ ਬਾਡੀ ਬਿਲਡਿੰਗ ਵਿੱਚ ਸਭ ਤੋਂ ਅੱਗੇ ਹੈ’। ਇੱਥੋਂ ਦੇ ਕੁਸ਼ਤੀ ਦੇ ਅਖਾੜੇ ਸ਼ਾਮ ਨੂੰ ਰੌਣਕ ਭਰੇ ਹੋਣ ਅਤੇ ਨੌਜਵਾਨ ਉੱਥੇ ਅਭਿਆਸ ਕਰਨ। ਉਹ ਚਾਹੁੰਦੇ ਹਨ ਕਿ ਮਿਸਟਰ ਹਰਿਆਣਾ ਅਤੇ ਮਿਸਟਰ ਇੰਡੀਆ ਮੁਕਾਬਲੇ ਵੀ ਅੰਬਾਲਾ ਛਾਉਣੀ ਵਿੱਚ ਹੀ ਹੋਣ।

Leave a Reply

Your email address will not be published. Required fields are marked *