ਕਾਂਗਰਸ ਟਿਕਟ ਦੇ ਚਾਹਵਾਨਾਂ ਨੇ ਤਾਲਮੇਲ ਕਮੇਟੀ ਦੀ ਕੀਤੀ ਮੀਟਿੰਗ

ਐਨਡੀਏ ਗੱਠਜੋੜ 200 ਦਾ ਅੰਕੜਾ ਪਾਰ ਨਹੀਂ ਕਰ ਸਕੇਗਾ-ਡਾ.ਕਪੂਰ ਸਿੰਘ

ਅੰਬਾਲਾ 27 ਫਰਵਰੀ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਅੰਬਾਲਾ ਲੋਕ ਸਭਾ (ਰਾਖਵੀਂ) ਸੀਟ ਤੋਂ ਕਾਂਗਰਸ ਟਿਕਟ ਲਈ ਅਪਲਾਈ ਕਰਨ ਵਾਲੇ ਆਗੂਆਂ ਨੇ ਸੋਮਵਾਰ ਨੂੰ ਜਗਾਧਰੀ ਦੇ ਨਸੀਬ ਪੈਲੇਸ ਵਿਖੇ ਤਾਲਮੇਲ ਕਮੇਟੀ ਦੀ ਕਾਨਫਰੰਸ ਕੀਤੀ ਜਿਸ ਵਿਚ ਅੰਬਾਲਾ ਲੋਕ ਸਭਾ ਸੀਟ ਤੋਂ ਚੋਣ ਲੜ ਚੁੱਕੇ ਸੀਨੀਅਰ ਕਾਂਗਰਸੀ ਆਗੂ ਡਾ. ਕਪੂਰ ਸਿੰਘ ਸਮੇਤ ਕਰੀਬ ਤਿੰਨ ਦਰਜਣ ਆਗੂਆਂ ਨੇ ਭਾਗ ਲਿਆ। ਇਨ੍ਹਾਂ ਆਗੂਆਂ ਨੇ ਅੰਬਾਲਾ ਸੀਟ ਤੋਂ ਚੋਣ ਲੜਨ ਦੀ ਇੱਛਾ ਨਾਲ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਕੋਲ ਟਿਕਟਾਂ ਲਈ ਅਰਜ਼ੀਆਂ ਦਿੱਤੀਆਂ ਹਨ। ਕਾਨਫ਼ਰੰਸ ਵਿਚ ਸਾਰਿਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਪਾਰਟੀ ਜਿਸ ਨੂੰ ਮਰਜ਼ੀ ਉਮੀਦਵਾਰ ਬਣਾਵੇ ਸਾਰੇ ਜਣੇ ਇਕਜੁੱਟ ਹੋ ਕੇ ਚੋਣ ਲੜਨਗੇ ਅਤੇ ਅੰਬਾਲਾ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਨੂੰ ਮਜ਼ਬੂਤ ਕਰਨਗੇ।
ਤਾਲਮੇਲ ਸੰਮੇਲਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਬਾਲਾ ਰਾਖਵੀਂ ਸੀਟ ਤੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਡਾ: ਕਪੂਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ‘ਚ ਮੋਦੀ ਸਰਕਾਰ ਦੇ ਕੰਮਕਾਜ ਤੋਂ ਜਨਤਾ ਪੂਰੀ ਤਰ੍ਹਾਂ ਨਾਖੁਸ਼ ਹੈ। ਇਹ ਸਰਕਾਰ ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ ਅਤੇ ਸਿਹਤ ਵਰਗੇ ਅਹਿਮ ਮੁੱਦਿਆਂ ‘ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।ਇਹੀ ਕਾਰਨ ਹੈ ਕਿ ਅੱਜ ਭਾਜਪਾ ਨੂੰ ਸਮਾਜ ਦੇ ਹਰ ਵਰਗ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਪਣੀਆਂ ਮੰਗਾਂ ਲਈ ਸੜਕਾਂ ‘ਤੇ ਹਨ।ਅਜਿਹੀ ਸਥਿਤੀ ਵਿਚ ਭਾਜਪਾ ਗਠਜੋੜ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ 200 ਸੀਟਾਂ ਵੀ ਨਹੀਂ ਜਿੱਤ ਸਕੇਗਾ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਲੋਕ ਕਾਂਗਰਸ ਨੂੰ ਵਾਪਸ ਲਿਆ ਕੇ ਕੇਂਦਰ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਉਣਗੇ ਅਤੇ ਦੇਸ਼ ਇੱਕ ਵਾਰ ਫਿਰ ਤਰੱਕੀ ਦੇ ਰਾਹ ‘ਤੇ ਚੱਲੇਗਾ।

Leave a Reply

Your email address will not be published. Required fields are marked *